ਪਾਲ ਸਿੰਘ ਨੌਲੀ
ਜਲੰਧਰ, 20 ਜਨਵਰੀ
ਟਿਕਟ ਕੱਟੇ ਜਾਣ ਤੋਂ ਨਾਰਾਜ਼ ਸਾਬਕਾ ਮੰਤਰੀ ਮਹਿੰਦਰ ਸਿੰਘ ਕੇਪੀ ਨੇ ਸਿੱਖਿਆ ਮੰਤਰੀ ਪਰਗਟ ਸਿੰਘ ਵਿਰੁੱਧ ਮੋਰਚਾ ਭਖਾ ਦਿੱਤਾ ਹੈ। ਸ੍ਰੀ ਕੇਪੀ ਨੇ ਅੱਜ ਜਲੰਧਰ ਛਾਉਣੀ ਵਿਧਾਨ ਸਭਾ ਹਲਕੇ ਦੇ ਗੜ੍ਹਾ ਇਲਾਕੇ ਵਿਚ ਆਪਣੇ ਸਮਰਥਕਾਂ ਨਾਲ ਮੀਟਿੰਗਾਂ ਕਰਕੇ ਲਾਮਬੰਦੀ ਕੀਤੀ। ਇਨ੍ਹਾਂ ਮੀਟਿੰਗਾਂ ਵਿਚ ਇਕੱਠੇ ਹੋਏ ਸਮਰਥਕਾਂ ਨੇ ਇਕਸੁਰ ਹੁੰਦਿਆਂ ਕਿਹਾ ਕਿ ਜੇਕਰ ਕਾਂਗਰਸ ’ਚ ਨਵੇਂ ਆਏ ਆਗੂ ਦਲਿਤਾਂ ਨਾਲ ਇਸੇ ਤਰ੍ਹਾਂ ਧੱਕਾ ਕਰਨਗੇ ਤਾਂ ਇਸ ਦਾ ਡੱਟਵਾਂ ਵਿਰੋਧ ਕੀਤਾ ਜਾਵੇਗਾ। ਸਮਰਥਕਾਂ ਨੇ ਕਿਹਾ ਕਿ ਮਰਹੂਮ ਦਰਸ਼ਨ ਸਿੰਘ ਕੇਪੀ ਨੇ ਇਸ ਦੇਸ਼ ਦੀ ਏਕਤਾ ਤੇ ਅਖੰਡਤਾ ਖਾਤਰ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ, ਉਸ ਕੁਰਬਾਨੀ ਦਾ ਮੁੱਲ ਕਾਂਗਰਸ ਵੱਟਦੀ ਆ ਰਹੀ ਹੈ ਪਰ ਕੇਪੀ ਪਰਿਵਾਰ ਨਾਲ ਸਮੇਂ-ਸਮੇਂ ’ਤੇ ਧੱਕਾ ਹੁੰਦਾ ਆ ਰਿਹਾ ਹੈ। ਵੱਖ-ਵੱਖ ਨੁੱਕੜ ਮੀਟਿੰਗਾਂ ਵਿੱਚ ਕੇਪੀ ਸਮਰਥਕਾਂ ਨੇ ਕਿਹਾ ਕਿ 2014 ਵਿੱਚ ਜਦੋਂ ਪੰਜਾਬ ’ਚ ਮੋਦੀ ਵਿਰੋਧੀ ਲਹਿਰ ਸੀ ਤਾਂ ਉਸ ਵੇਲੇ ਜਲੰਧਰ ਦੇ ਐੱਮਪੀ ਮਹਿੰਦਰ ਸਿੰਘ ਕੇਪੀ ਨੂੰ ਜਾਣ-ਬੁੱਝ ਕੇ ਹੁਸ਼ਿਆਰਪੁਰ ਭੇਜਿਆ ਗਿਆ। ਇਸੇ ਤਰ੍ਹਾਂ 2017 ਵਿਚ ਮਹਿੰਦਰ ਸਿੰਘ ਕੇਪੀ ਨੂੰ ਆਦਮਪੁਰ ਵਿਧਾਨ ਸਭਾ ਹਲਕੇ ਵਿੱਚ ਭੇਜਿਆ ਗਿਆ। ਪਾਰਟੀ ਹਾਈਕਮਾਂਡ ਦਾ ਹੁਕਮ ਮੰਨ ਕੇ ਉਹ ਦੋਵੇਂ ਹਲਕਿਆਂ ਵਿੱਚ ਚਲੇ ਗਏ ਸਨ ਪਰ ਉਨ੍ਹਾਂ ਦੇ ਪਰਿਵਾਰ ਦੀ ਕੁਰਬਾਨੀ ਨੂੰ ਹਮੇਸ਼ਾ ਅਣਗੌਲਿਆ ਕੀਤਾ ਗਿਆ। ਇਸ ਮੌਕੇ ਬਲਵਿੰਦਰ ਵਿੱਕੀ, ਗੋਗਾ, ਮੋਹਣ ਲਾਲ ਪ੍ਰਧਾਨ, ਹਰਿੰਦਰ ਭੱਲਾ ਤੇ ਹੋਰ ਆਗੂ ਹਾਜ਼ਰ ਸਨ। ਇਸੇ ਤਰ੍ਹਾਂ ਮਹਿੰਦਰ ਸਿੰਘ ਕੇਪੀ ਦੀ ਹਾਜ਼ਰੀ ਵਿਚ ਵਡਾਲਾ ਕਲੋਨੀ ਵਿਚ ਵੀ ਕਾਂਗਰਸ ਦੇ ਆਗੂਆਂ ਦਾ ਇਕੱਠ ਕੀਤਾ ਗਿਆ, ਜਿਨ੍ਹਾਂ ਨੇ ਕਾਂਗਰਸ ਹਾਈ ਕਮਾਂਡ ਨੂੰ ਅਪੀਲ ਕੀਤੀ ਕਿ ਉਹ ਮਹਿੰਦਰ ਸਿੰਘ ਕੇਪੀ ਦੀ ਕੱਟੀ ਹੋਈ ਟਿਕਟ ’ਤੇ ਮੁੜ ਵਿਚਾਰ ਕਰੇ।