ਪੱਤਰ ਪ੍ਰੇਰਕ
ਆਦਮਪੁਰ ਦੋਆਬਾ, 11 ਮਈ
ਰਾਸ਼ਟਰੀ ਸਿਹਤ ਮਿਸ਼ਨ ਯੋਜਨਾ ਤਹਿਤ ਠੇਕੇ ’ਤੇ ਸੇਵਾਵਾਂ ਪ੍ਰਦਾਨ ਕਰ ਰਹੇ ਬਲਾਕ ਆਦਮਪੁਰ ਦੇ ਸਿਹਤ ਕਾਮਿਆਂ ਨੇ ਸਰਕਾਰੀ ਧਮਕੀ ਨੂੰ ਦੇਖਦੇ ਹੋਏ ਅੱਜ ਹੜਤਾਲ ਖਤਮ ਕਰ ਦਿੱਤੀ ਤੇ ਆਪਣੀਆਂ ਡਿਊਟੀਆਂ ’ਤੇ ਹਾਜ਼ਰ ਹੋਏ। ਇਸ ਮੌਕੇ ਮਰੀਜ਼ਾਂ ਨੇ ਦੱਸਿਆ ਕਿ ਰਾਸ਼ਟਰੀ ਸਿਹਤ ਮਿਸ਼ਨ ਯੋਜਨਾ ਤਹਿਤ ਠੇਕੇ ’ਤੇ ਸੇਵਾਵਾਂ ਪ੍ਰਦਾਨ ਕਰ ਰਹੇ ਬਲਾਕ ਆਦਮਪੁਰ ਦੇ ਸਿਹਤ ਕਾਮਿਆਂ ਦੀ ਹੜਤਾਲ ਕਾਰਨ ਹਸਪਤਾਲ ਵਿਚ ਸਟਾਫ ਦੀ ਕਾਫੀ ਘਾਟ ਮਹਿਸੂਸ ਹੋ ਰਹੀ ਸੀ।
ਤਰਨ ਤਾਰਨ (ਪੱਤਰ ਪ੍ਰੇਰਕ): ਸਰਕਾਰ ਦੀ ਨੌਕਰੀਆਂ ਤੋਂ ਹਟਾਉਣ ਦੀ ਧਮਕੀ ਨੂੰ ਨਾ ਸਹਾਰਦਿਆਂ ਐੱਨਐੱਚਐੱਮ ਦੇ ਮੁਲਾਜ਼ਮਾਂ ਨੇ ਅੱਜ ਡਿਊਟੀਆਂ ’ਤੇ ਮੁੜ ਹਾਜ਼ਰੀ ਲਈ ਸਿਵਲ ਸਰਜਨ ਡਾ. ਰੋਹਿਤ ਮਹਿਤਾ ਦੇ ਦਿਨ ਭਰ ਹਾੜੇ ਕੱਢੇ| ਇਹ ਮੁਲਾਜਮ ਆਪਣੀਆਂ ਸੇਵਾਵਾਂ ਨੂੰ ਰੈਗੂਲਰ ਕਰਵਾਉਣ ਦੀ ਮੰਗ ਨੂੰ ਲੈ ਕੇ 5 ਮਈ ਤੋਂ ਐੱਨਐੱਚਐੱਮ ਰੈਗੁੂਲੇਰਾਈਜੇਸ਼ਨ ਸੰਘਰਸ਼ ਕਮੇਟੀ ਪੰਜਾਬ ਦੇ ਝੰਡੇ ਹੇਠ ਅਣਮਿਥੇ ਸਮੇਂ ਦੀ ਹੜਤਾਲ ’ਤੇ ਚੱਲੇ ਗਏ ਸਨ| ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੁਲਾਜ਼ਮਾਂ ਨੂੰ ਚਿਤਾਵਨੀ ਦੇ ਕੇ ਸੋਮਵਾਰ ਸ਼ਾਮ ਤੱਕ ਡਿਊਟੀ ’ਤੇ ਨਾ ਆਉਣ ’ਤੇ ਉਨ੍ਹਾਂ ਦੀਆਂ ਸੇਵਾਵਾਂ ਖਤਮ ਕਰਨ ਦੀ ਚਿਤਾਵਨੀ ਦਿੱਤੀ ਸੀ| ਚਿਤਾਵਨੀ ਕਾਰਨ ਜ਼ਿਲ੍ਹੇ ਦੇ ਕਰੀਬ 185 ਮੁਲਾਜ਼ਮ ਡਿਊਟੀਆਂ ’ਤੇ ਹਾਜ਼ਰ ਹੋ ਗਏ ਹਨ|