ਪੱਤਰ ਪ੍ਰੇਰਕ
ਸ੍ਰੀ ਕੀਰਤਪੁਰ ਸਾਹਿਬ, 27 ਅਕਤੂਬਰ
ਨਗਰ ਪੰਚਾਇਤ ਸ੍ਰੀ ਕੀਰਤਪੁਰ ਸਾਹਿਬ ਅਧੀਨ ਕੰਮ ਕਰਦੇ ਮੁਲਾਜ਼ਮਾਂ ਵੱਲੋਂ ਪਿਛਲੇ ਤਿੰਨ ਮਹੀਨੇ ਤੋਂ ਤਨਖ਼ਾਹਾਂ ਨਾ ਮਿਲਣ ਕਾਰਨ ਅੱਜ ਨਗਰ ਪੰਚਾਇਤ ਸ੍ਰੀ ਕੀਰਤਪੁਰ ਸਾਹਿਬ ਦੇ ਮੁੱਖ ਗੇਟ ਅੱਗੇ ਧਰਨਾ ਦਿੱਤਾ ਗਿਆ। ਸਮਾਗਮ ਵਿੱਚ ਉਨ੍ਹਾਂ ਸੂਬਾਈ ਸਰਕਾਰ ਤੇ ਨਗਰ ਪੰਚਾਇਤ ਦੇ ਉੱਚ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਮੁਲਾਜ਼ਮ ਆਗੂਆਂ ਨੇ ਦੱਸਿਆ ਕਿ ਜੋ ਮੁਲਾਜ਼ਮ ਕੰਟਰੈਕਟ ’ਤੇ ਹਨ, ਉਨ੍ਹਾਂ ਨੂੰ ਤਨਖ਼ਾਹਾਂ ਦੇ ਦਿੱਤੀਆਂ ਗਈਆਂ ਹਨ ਅਤੇ ਜੋ ਮੁਲਾਜ਼ਮ ਠੇਕੇਦਾਰ ਦੇ ਕੋਲ ਕੰਮ ਕਰਦੇ ਹਨ, ਉਨ੍ਹਾਂ ਨੂੰ ਤਨਖ਼ਾਹਾਂ ਨਹੀਂ ਦਿੱਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਕੰਟਰੈਕਟ ’ਤੇ ਕੰਮ ਕਰਦੇ 40 ਮੁਲਾਜ਼ਮਾਂ ਅਤੇ ਠੇਕੇਦਾਰ ਕੋਲ ਕੰਮ ਕਰਦੇ 7 ਮੁਲਾਜ਼ਮਾਂ ਨੂੰ ਤਨਖ਼ਾਹ ਦੇ ਦਿੱਤੀ ਗਈ ਹੈ ਪਰ ਬਾਕੀ ਬਚਦੇ 21 ਮੁਲਾਜ਼ਮਾਂ ਨੂੰ ਪਿਛਲੇ ਤਿੰਨ ਮਹੀਨੇ ਦੀ ਤਨਖਾਹ ਨਹੀਂ ਦਿੱਤੀ ਗਈ। ਇਸ ਕਰਕੇ ਉਨ੍ਹਾਂ ਨੂੰ ਇਸ ਵਾਰ ਦੀਵਾਲੀ ਦਾ ਤਿਉਹਾਰ ਵੀ ਮਨਾਉਣਾ ਨਸੀਬ ਨਹੀਂ ਹੋਇਆ। ਮੁਲਾਜ਼ਮਾਂ ਨੇ ਮੰਗ ਕੀਤੀ ਕਿ ਜੇ ਆਉਣ ਵਾਲੇ ਇਕ ਹਫਤੇ ਵਿੱਚ ਉਨ੍ਹਾਂ ਦੀਆਂ ਤਨਖ਼ਾਹਾਂ ਨਾ ਦਿੱਤੀਆਂ ਗਈਆਂ ਤਾਂ ਉਹ ਪੱਕੇ ਤੌਰ ’ਤੇ ਨਗਰ ਪੰਚਾਇਤ ਸ੍ਰੀ ਕੀਰਤਪੁਰ ਸਾਹਿਬ ਦੇ ਦਫ਼ਤਰ ਦੇ ਮੁੱਖ ਗੇਟ ’ਤੇ ਅਣਮਿੱਥੇ ਸਮੇਂ ਲਈ ਧਰਨਾ ਦੇਣ ਲਈ ਮਜਬੂਰ ਹੋਣਗੇ ਜਿਸ ਦੀ ਸਮੁੱਚੀ ਜ਼ਿੰਮੇਵਾਰੀ ਨਗਰ ਪੰਚਾਇਤ ਦੇ ਉੱਚ ਅਧਿਕਾਰੀਆਂ ਦੀ ਹੋਵੇਗੀ।