ਖੇਤਰੀ ਪ੍ਰਤੀਨਿਧ
ਪਟਿਆਲਾ, 25 ਅਗਸਤ
ਰਾਜਿੰਦਰਾ ਹਸਪਤਾਲ, ਮੈਡੀਕਲ ਕਾਲਜ ਅਤੇ ਟੀਬੀ ਹਸਪਤਾਲ ਪਟਿਆਲਾ ਦੇ ਠੇਕਾ ਆਧਾਰਿਤ ਅਤੇ ਆਊਟਸੋਰਸ, ਕਰੋਨਾ ਯੋਧੇ, ਨਰਸਿੰਗ, ਪੈਰਾ-ਮੈਡੀਕਲ ਅਤੇ ਦਰਜਾ ਚਾਰ ਕਰਮਚਾਰੀ ਸੇਵਾਵਾਂ ਰੈਗੂਲਰ ਕਰਵਾਉਣ ਲਈ ਅੱਜ ਤੋਂ ਮੁਕੰਮਲ ਹੜਤਾਲ ’ਤੇ ਚਲੇ ਗਏ ਹਨ। ਮੁਲਾਜ਼ਮਾਂ ਨੇ ਜਿੱਥੇ ਹਸਪਤਾਲ ਕੰਪਲੈਕਸ ਵਿੱਚ ਰੋਸ ਰੈਲੀ ਕੀਤੀ, ਉੱਥੇ ਹੀ ਰੋਸ ਮਾਰਚ ਮਗਰੋਂ ਫੁਹਾਰਾ ਚੌਕ ਵਿੱਚ ਧਰਨਾ ਮਾਰ ਕੇ ਆਵਾਜਾਈ ਠੱਪ ਕੀਤੀ।
ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਸਵਰਨ ਸਿੰਘ ਬੰਗਾ ਅਤੇ ਚੇਅਰਮੈਨ ਰਾਮ ਕਿਸ਼ਨ ਨੇ ਕਿਹਾ ਕਿ ਦੋ ਸਾਲ ਪਹਿਲਾਂ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਲਿਖਤੀ ਭਰੋਸਾ ਦਿੱਤਾ ਸੀ ਕਿ ਸਾਰੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ ਪਰ ਸਿਰਫ਼ ਸਾਢੇ ਪੰਜ ਸੌ ਨਰਸਿੰਗ ਸਟਾਫ ਹੀ ਰੈਗੂਲਰ ਕੀਤਾ ਗਿਆ, ਜਦਕਿ ਬਾਕੀਆਂ ਨੂੰ ਛੱਡ ਦਿੱਤਾ ਗਿਆ। ਹੁਣ ਉਹ ਆਪਣੀ ਸੇਵਾਵਾਂ ਰੈਗੂਲਰ ਕਰਵਾਉਣ ਲਈ ਇਕ ਨੁਕਾਤੀ ਮੰਗ ਦੀ ਪੂਰਤੀ ਲਈ ਅੱਜ ਤੋਂ ਮੁਕੰਮਲ ਹੜਤਾਲ ’ਤੇ ਚਲੇ ਗਏ ਹਨ। ਇਸ ਵਾਰ ਰੋਹ ਵਿੱਚ ਆਏ ਮੁਲਾਜ਼ਮਾਂ ਨੇ ਐਮਰਜੈਂਸੀ ਡਿਊਟੀਆਂ ਦਾ ਵੀ ਬਾਈਕਾਟ ਕੀਤਾ ਹੋਇਆ ਹੈ। ਪ੍ਰਦਰਸ਼ਨ ਦੌਰਾਨ ਰਤਨ ਕੁਮਾਰ, ਨਰੇਸ਼ ਕੁਮਾਰ ਗਾਟ, ਸੁਰਿੰਦਰਪਾਲ ਦੁੱਗਲ,ਅਰੁਣ ਕੁਮਾਰ, ਰਾਜੇਸ਼ ਕੁਮਾਰ ਗੋਲੂ, ਬਾਲਕ ਰਾਮ, ਗਗਨਦੀਪ ਕੌਰ, ਚਰਨਜੀਤ ਕੌਰ, ਗੁਰਲਾਲ ਸਿੰਘ, ਕਿਸ਼ੋਰ ਟੋਨੀ, ਹਰਿੰਦਰ ਕੌਰ, ਰੋਹਿਤ ਮਾਨ, ਕੁਲਵਿੰਦਰ ਸਿੰਘ ਤੇ ਪਰਦੀਪ ਕੁਮਾਰ ਹਾਜ਼ਰ ਸਨ।