ਮੰਡੀ ਗੋਬਿੰਦਗੜ੍ਹ: ਸਬ-ਤਹਿਸੀਲ ਮੰਡੀ ਗੋਬਿੰਦਗੜ੍ਹ ਦਾ ਦਫ਼ਤਰ ਬੱਸ ਸਟੈਂਡ ਨੇੜਿਓਂ ਤਬਦੀਲ ਕਰਨ ਦੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਏ ਫ਼ੈਸਲੇ ਖ਼ਿਲਾਫ਼ ਅੱਜ ਤਹਿਸੀਲ ਦੇ ਸਮੂਹ ਲਾਇਸੈਂਸ ਹੋਲਡਰਾਂ ਨੇ ਹੜਤਾਲ ਕਰ ਕੇ ਇਹ ਫ਼ੈਸਲਾ ਵਾਪਸ ਲੈਣ ਦੀ ਮੰਗ ਕੀਤੀ ਹੈ। ਇਸ ਮੌਕੇ ਨੰਬਰਦਾਰ ਯੂਨੀਅਨ, ਪ੍ਰਾਪਰਟੀ ਡੀਲਰ ਐਸੋਸੀਏਸ਼ਨ ਅਤੇ ਸ਼ਹਿਰ ਵਾਸੀਆਂ ਨੇ ਵੀ ਲਾਇਸੈਂਸ ਹੋਲਡਰਾਂ ਦੀ ਹਮਾਇਤ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵਿਚਕਾਰ ਅਤੇ ਬੱਸ ਅੱਡੇ ਨੇੜੇ ਸਬ-ਤਹਿਸੀਲ ਹੋਣ ਨਾਲ ਆਉਣ-ਜਾਣ ਵਿਚ ਆਸਾਨੀ ਰਹਿੰਦੀ ਹੈ, ਪਰ ਦਫ਼ਤਰ ਦੀ ਨਵੀਂ ਥਾਂ ਸ਼ਹਿਰ ਤੋਂ ਕਰੀਬ 3 ਕਿੱਲੋਮੀਟਰ ਦੂਰ ਉਜਾੜ ਵਿਚ ਹੈ, ਜਿੱਥੇ ਸੁਰੱਖਿਆ ਦਾ ਕੋਈ ਇੰਤਜ਼ਾਮ ਨਹੀਂ। -ਨਿੱਜੀ ਪੱਤਰ ਪ੍ਰੇਰਕ