ਗਗਨਦੀਪ ਅਰੋੜਾ
ਲੁਧਿਆਣਾ, 12 ਮਾਰਚ
ਕਿਸਾਨ ਅੰਦੋਲਨ ਕਾਰਨ ਕਈ ਥਾਂ ਲੋਕਾਂ ਦਾ ਵਿਰੋਧ ਝੱਲ ਚੁੱਕੇ ਕੌਮੀ ਐਸਸੀ ਐਸਟੀ ਕਮਿਸ਼ਨ ਦੇ ਚੇਅਰਮੈਨ ਵਿਜੈ ਸਾਂਪਲਾ ਸ਼ੁੱਕਰਵਾਰ ਨੂੰ ਲੁਧਿਆਣਾ ਪੁੱਜੇ। ਉਨ੍ਹਾਂ ਦੇ ਪੁੱਜਣ ਤੋਂ ਪਹਿਲਾਂ ਹੀ ਪੁਲੀਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਵੱਡੇ ਇੰਤਜ਼ਾਮ ਕੀਤੇ ਗਏ ਸਨ, ਤਾਂ ਕਿ ਕਿਸੇ ਵੀ ਤਰੀਕੇ ਦਾ ਕੋਈ ਵਿਰੋਧ ਨਾ ਹੋ ਸਕੇ। ਸ੍ਰੀ ਸਾਂਪਲਾ ਨੇ ਪਹਿਲਾਂ ਸਰਕਟ ਹਾਊਸ ਵਿਚ ਮੀਟਿੰਗ ਕੀਤੀ ਤੇ ਫਿਰ ਬੱਚਤ ਭਵਨ ਵਿਚ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਦਰਅਸਲ, ਚੇਅਰਮੈਨ ਵਿਜੈ ਸਾਂਪਲਾ ਅੱਜ ਭਾਜਪਾ ਦੇ ਆਗੂਆਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਲਈ ਲੁਧਿਆਣਾ ਪੁੱਜੇ ਸਨ। ਉਨ੍ਹਾਂ ਦੀ ਸੂਚਨਾ ਮਿਲਦੇ ਸਾਰ ਲੁਧਿਆਣਾ ਪੁਲੀਸ ਨੇ ਲੁਧਿਆਣਾ ਦਾਖ਼ਲੇ ਤੋਂ ਲੁਧਿਆਣਾ ਤੋਂ ਬਾਹਰ ਜਾਣ ਤੱਕ ਸਾਰੇ ਹੀ ਰੂਟ ’ਤੇ ਸੁਰੱਖਿਆ ਦੇ ਕਰੜੇ ਇੰਤਜ਼ਾਮ ਕੀਤੇ ਸਨ। ਸੁਰੱਖਿਆ ਦੇ ਇੰਤਜ਼ਾਮ ਏਡੀਸੀਪੀ ਤੇ ਏਸੀਪੀ ਪੱਧਰ ਦੇ ਅਧਿਕਾਰੀਆਂ ਦੇ ਹੱਥ ਸਨ। ਸਰਕਟ ਹਾਊਸ ਰੋਡ ’ਤੇ ਵਿਜੈ ਸਾਂਪਲਾ ਦੇ ਆਉਣ ਤੋਂ ਪਹਿਲਾਂ ਹੀ ਸੁਰੱਖਿਆ ਮੁਲਾਜ਼ਮ ਤਾਇਨਾਤ ਕਰ ਦਿੱਤੇ ਗਏ ਸਨ। ਸਰਕਟ ਹਾਊਸ ਅੰਦਰ ਜਾਣ ਵਾਲਿਆਂ ਦੀ ਜਾਂਚ ਕਰ ਕੇ ਅੰਦਰ ਜਾਣ ਦਿੱਤਾ ਜਾ ਰਿਹਾ ਸੀ। ਇਸੇ ਤਰ੍ਹਾਂ ਬੱਚਤ ਭਵਨ ਵਿਚ ਮੀਟਿੰਗ ਦੌਰਾਨ ਪੂਰੇ ਸੁਰੱਖਿਆ ਦੇ ਇੰਤਜ਼ਾਮ ਕੀਤੇ ਗਏ ਸਨ।
ਉੱਧਰ, ਸ੍ਰੀ ਸਾਂਪਲਾ ਦੇ ਆਉਣ ਤੋਂ ਪਹਿਲਾਂ ਖ਼ੁਫ਼ੀਆ ਵਿਭਾਗ ਦੇ ਮੁਲਾਜ਼ਮ ਵੀ ਲੋਕਾਂ ਤੇ ਹੋਰਨਾਂ ਪਾਰਟੀਆਂ ਤੋਂ ਇਸ ਗੱਲ ਦੀ ਸੂਹ ਲੈ ਰਹੇ ਸਨ ਕਿ ਕੋਈ ਪਾਰਟੀ ਜਾਂ ਕੋਈ ਕਿਸਾਨ ਸਮਰਥਕ ਕਿਸੇ ਤਰ੍ਹਾਂ ਦਾ ਵਿਰੋਧ ਕਰਨ ਦੀ ਤਿਆਰੀ ਤਾਂ ਨਹੀਂ ਕਰ ਰਿਹਾ ਹੈ।
ਐੱਸਸੀ ਭਾਈਚਾਰਾ ਸਰਕਾਰੀ ਸਕੀਮਾਂ ਦਾ ਲਾਭ ਲਵੇ: ਸਾਂਪਲਾ
ਕੌਮੀ ਐਸਸੀ ਐਸਟੀ ਕਮਿਸ਼ਨ ਦੇ ਚੇਅਰਮੈਨ ਵਿਜੈ ਸਾਂਪਲਾ ਨੇ ਐਸਸੀ ਭਾਈਚਾਰੇ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸਰਕਾਰ ਦੀਆਂ ਯੋਜਨਾਵਾਂ ਦਾ ਜ਼ਿਆਦਾ ਤੋਂ ਜ਼ਿਆਦਾ ਲਾਭ ਲੈਣ। ਸਰਕਾਰ ਦੀਆਂ ਯੋਜਨਾਵਾਂ ਦਾ ਮੁੱਖ ਮਕਸਦ ਐਸਸੀ ਭਾਈਚਾਰੇ ਦੀ ਵਪਾਰ ’ਚ ਪਕੜ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਯੋਜਨਾ ਤਹਿਤ ਕਿਸੇ ਵਿਦਿਆਰਥੀ ਦਾ ਦਾਖ਼ਲਾ ਜਾਂ ਫਿਰ ਕਿਸੇ ਦੀ ਡਿਗਰੀ ਨੂੰ ਰੋਕਿਆ ਨਹੀਂ ਜਾ ਸਕਦਾ। ਸਰਕਟ ਹਾਊਸ ਵਿਚ ਉਨ੍ਹਾਂ ਕਿਹਾ ਕਿ ਕਮਿਸ਼ਨ ’ਚ ਫ਼ਿਲਹਾਲ 67 ਹਜ਼ਾਰ ਦੇ ਕਰੀਬ ਕੇਸ ਬਕਾਇਆ ਹਨ। ਇਸ ਸਬੰਧੀ ਅਧਿਕਾਰੀਆਂ ਦੀਆਂ ਟੀਮਾਂ ਬਣਾ ਕੇ ਸਾਰੇ ਕੇਸਾਂ ਦਾ ਨਿਪਟਾਰਾ ਪਹਿਲ ਦੇ ਆਧਾਰ ’ਤੇ ਕੀਤਾ ਜਾਵੇਗਾ।