ਨਿੱਜੀ ਪੱਤਰ ਪ੍ਰੇਰਕ
ਨਾਭਾ, 20 ਜੁਲਾਈ
ਨਾਭਾ ਵਿੱਚ ਦੇਰ ਰਾਤ ਮੋਟਰਸਾਈਕਲ ਸਵਾਰ ਅਣਪਛਾਤਿਆਂ ਨੇ ਦੋ ਵੱਖ ਵੱਖ ਜਗ੍ਹਾ ’ਤੇ ਤੇਜ਼ਾਬ ਨਾਲ ਹਮਲਾ ਕਰ ਦਿੱਤਾ। ਨਕਾਬ ਪਹਿਨੇ ਦੋ ਵਿਅਕਤੀਆਂ ਨੇ ਪਹਿਲਾਂ ਬਠਿੰਡਿਆ ਮੁਹੱਲੇ ਵਿੱਚ ਮਨਪ੍ਰੀਤ ਸਿੰਘ ’ਤੇ ਹਮਲਾ ਕੀਤਾ। ਇਸ ਦੌਰਾਨ ਜਦੋਂ ਮਨਪ੍ਰੀਤ ਨੇ ਆਪਣੇ ਦੋਸਤ ਦੀਪਕ ਕੁਮਾਰ ਨੂੰ ਫੋਨ ਕੀਤਾ ਤਾਂ ਹਮਲਾਵਰਾਂ ਨੇ ਸ਼ਿਵ ਪੁਰੀ ਕਲੋਨੀ ਨਜ਼ਦੀਕ ਦੀਪਕ ਕੁਮਾਰ ’ਤੇ ਵੀ ਤੇਜ਼ਾਬ ਸੁੱਟ ਦਿੱਤਾ। ਬਠਿੰਡਿਆ ਮੁਹੱਲੇ ਵਾਲੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਨਾਭਾ ਦੇ ਐੱਸਐੱਮਓ ਡਾ. ਦਲਬੀਰ ਕੌਰ ਨੇ ਦੱਸਿਆ ਕਿ ਇਨ੍ਹਾਂ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਰੈਫਰ ਕੀਤਾ ਗਿਆ ਹੈ। ਨਾਭਾ ਕੋਤਵਾਲੀ ਮੁਖੀ ਗੁਰਪ੍ਰੀਤ ਸਿੰਘ ਨੇ ਦੱਸਿਆ ਕੇ ਪੀੜਤਾਂ ਨੂੰ ਹਮਲਾਵਰਾਂ ਦੀ ਪਛਾਣ ਨਹੀਂ ਹੈ। ਇਸ ਮਾਮਲੇ ’ਚ ਧਾਰਾ 326-ਏ ਤਹਿਤ ਕੇਸ ਦਰਜ ਕੀਤਾ ਗਿਆ ਹੈ।