ਬਲਵਿੰਦਰ ਰੈਤ
ਨੂਰਪੁਰ ਬੇਦੀ, 14 ਜੁਲਾਈ
ਇਥੋਂ ਨੇੜਲੇ ਬੱਸ ਅੱਡਾ ਝੱਜ ਚੌਕ ਨਜ਼ਦੀਕ ਸ਼ਹੀਦ ਬਾਬਾ ਦੀਪ ਸਿੰਘ ਦੇ ਨਾਮ ’ਤੇ ਸਥਾਪਤ ਕੀਤੇ ਨਿੱਜੀ ਗੁਰੂ ਘਰ ਵਿੱਚ ਗੁਰਮਤਿ ਵਿਰੋਧੀ ਗਤੀਵਿਧੀਆਂ ਨੂੰ ਲੈ ਕੇ ਅੱਜ ਸਿੱਖ ਸੰਗਤ ਵੱਲੋਂ ਰੋਸ ਜ਼ਾਹਿਰ ਕੀਤਾ ਗਿਆ। ਇਸ ਗੁਰਦੁਆਰੇ ਦੇ ਪ੍ਰਬੰਧਕ ਖ਼ਿਲਾਫ਼ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਹੱਥ ਫੇਰ ਕੇ ਪੱਥਰੀਆਂ ਕੱਢਣ ਦਾ ਦਾਅਵਾ ਕੀਤਾ ਜਾਂਦਾ ਸੀ ਪਰ ਲੋਕਾਂ ਨੂੰ ਗੁੰਮਰਾਹ ਕਰਨ ’ਤੇ ਬਾਬੇ ਖ਼ਿਲਾਫ਼ ਕਾਰਵਾਈ ਨੂੰ ਲੈ ਕੇ ਅੱਜ ਸਿੱਖ ਜਥੇਬੰਦੀਆਂ ਤੇ ਕਿਰਤੀ ਕਿਸਾਨ ਮੋਰਚੇ ਵੱਲੋਂ ਕਰੀਬ 6 ਘੰਟੇ ਸ੍ਰੀ ਆਨੰਦਪੁਰ ਸਾਹਿਬ-ਜਲੰਧਰ ਮੁੱਖ ਮਾਰਗ ਮੁਕੰਮਲ ਤੌਰ ’ਤੇ ਜਾਮ ਕੀਤਾ ਗਿਆ।
ਬਾਬਾ ਗੁਰਚਰਨ ਸਿੰਘ ਬੇਈਹਾਰਾ, ਸੁਖਵਿੰਦਰ ਸਿੰਘ ਬੜਵਾ, ਸੁੱਚਾ ਸਿੰਘ ਮੰਡੇਰ ਕਲਵਾਂ ਨੇ ਦੋਸ਼ ਲਾਇਆ ਕਿ ਇਹ ਅਖੌਤੀ ਬਾਬਾ ਡੇਢ ਦਹਾਕੇ ਤੋਂ ਸੰਗਤ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਰਿਹਾ ਸੀ। ਉਸ ਨੇ ਇਸ ਪਾਖੰਡਬਾਦ ਦੀ ਆੜ ਹੇਠ ਬੇਨਾਮੀ ਜਾਇਦਾਦ ਬਣਾਈ ਜਿਸ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਇਸ ਮਾਮਲੇ ’ਤੇ ਚੁੱਪ ਧਾਰੀ ਬੈਠੀ ਹੈ। ਇਸ ਬਾਬੇ ਖ਼ਿਲਾਫ਼ ਸੰਗਤ ਨੇ ਸਵੇਰੇ 8 ਵਜੇ ਤੋਂ ਹੀ ਸਥਾਨਕ ਝੱਜ ਚੌਕ ’ਤੇ ਚੱਕਾ ਜਾਮ ਕਰ ਦਿੱਤਾ ਜਿਸ ਕਾਰਨ ਅੰਮ੍ਰਿਤਸਰ, ਜਲੰਧਰ, ਹੁਸ਼ਿਆਰਪੁਰ, ਲੁਧਿਆਣਾ ਆਦਿ ਨੂੰ ਜਾਣ ਵਾਲੀ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋਈ। ਸੰਗਤਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਕਿਸੇ ਸਤਿਕਾਰਯੋਗ ਸਥਾਨ ’ਤੇ ਬਦਲਣ ਦੀ ਮੰਗ ਕੀਤੀ। ਗੱਲ ਸਿਰੇ ਨਾ ਲੱਗਣ ’ਤੇ ਲੋਕਾਂ ਨੇ ਡੇਰੇ ਦੀ ਘੇਰਾਬੰਦੀ ਕਰ ਦਿੱਤੀ। ਲੋਕਾਂ ਦੇ ਵਧਦੇ ਰੋਹ ਨੂੰ ਵੇਖਦਿਆਂ ਐੱਸ.ਪੀ. ਰੂਪਨਗਰ ਜਗਦੀਪ ਸਿੰਘ ਅਤੇ ਰਾਜਪਾਲ ਸਿੰਘ ਹੁੰਦਲ ਨੇ ਲੋਕਾਂ ਨੂੰ ਸਮਝਾਇਆ ਤੇ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਪੰਜ ਪਿਆਰੇ ਸਿੰਘਾਂ ਦੀ ਅਗਵਾਈ ਹੇਠ ਤਖਤ ਸ੍ਰੀ ਕੇਸਗੜ੍ਹ ਸਾਹਿਬ ਭਿਜਵਾਇਆ। ਇਸ ਮੌਕੇ ਡੇਰੇ ਵਿੱਚ ਲੱਗੇ ਨਿਸ਼ਾਨ ਸਾਹਿਬ ਨੂੰ ਵੀ ਹਟਾ ਦਿੱਤਾ ਗਿਆ। ਇਸ ਮੌਕੇ ਲੋਕਾਂ ਨੇ ਬਾਬੇ ਖਿਲਾਫ਼ ਪਰਚਾ ਦਰਜ ਕਰਨ ਦੀ ਮੰਗ ਕੀਤੀ। ਪੁਲੀਸ ਅਧਿਕਾਰੀਆਂ ਨੇ ਬਾਬੇ ਖਿਲਾਫ ਨਿਰਪੱਖ ਜਾਂਚ ਕਰਕੇ ਬਣਦੀ ਕਾਰਵਾਈ ਕਰਨ ਦਾ ਭਰੋਸਾ ਦੇ ਕੇ ਧਰਨਾ ਖ਼ਤਮ ਕਰਵਾਇਆ।
ਨਵੇਂ ਗੁਰਦੁਆਰੇ ਦੀ ਉਸਾਰੀ ਲਈ ਤਖ਼ਤ ਸਾਹਿਬ ਤੋਂ ਮਨਜ਼ੂਰੀ ਜ਼ਰੂਰੀ: ਗਿਆਨੀ ਜੋਗਿੰਦਰ ਸਿੰਘ
ਇਸ ਮੌਕੇ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ ਨੇ ਕਿਹਾ ਕਿ ਤਖਤ ਸਾਹਿਬ ਵਲੋਂ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ। ਅੱਗੇ ਤੋਂ ਕਿਸੇ ਵੀ ਨਵੀਂ ਉਸਾਰੀ ਲਈ ਇਸ ਕਮੇਟੀ ਤੋਂ ਮਨਜ਼ੂਰੀ ਲੈਣੀ ਜ਼ਰੂਰੀ ਹੋਵੇਗੀ।