ਜਗਮੋਹਨ ਸਿੰਘ
ਘਨੌਲੀ, 27 ਜਨਵਰੀ
ਸ਼ਿਵ ਸੈਨਾ ਵੱਲੋਂ ਗਣਤੰਤਰ ਦਿਵਸ ਮੌਕੇ ਕੱਢੇ ਜਾਣ ਵਾਲੇ ਤਿਰੰਗਾ ਮਾਰਚ ਨੂੰ ਪੁਲੀਸ ਵੱਲੋਂ ਰੋਕ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਿਵ ਸੈਨਿਕਾਂ ਵੱਲੋਂ ਗੱਡੀਆਂ ਅਤੇ ਮੋਟਰਸਾਈਕਲਾਂ ’ਤੇ ਤਿਰੰਗੇ ਝੰਡੇ ਲਹਿਰਾਉਂਦੇ ਹੋਏ ਖਟਕੜ ਕਲਾਂ ਜਾ ਕੇ ਗਣਤੰਤਰ ਦਿਵਸ ਮਨਾਉਣ ਦਾ ਪ੍ਰੋਗਰਾਮ ਸੀ ਪਰ ਪੁਲੀਸ ਦੀ ਸਖਤੀ ਕਾਰਨ ਸ਼ਿਵ ਸੈਨਿਕਾਂ ਨੂੰ ਪ੍ਰੋਗਰਾਮ ਰੱਦ ਕਰਨਾ ਪਿਆ।
ਸ਼ਿਵ ਸੈਨਾ ਪੰਜਾਬ ਦੇ ਪ੍ਰਧਾਨ ਸੰਜੀਵ ਘਨੌਲੀ ਵੱਲੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਆਗੂ ਪ੍ਰਿੰਸ ਕੌਸ਼ਿਕ ਨਾਲ ਮਿਲ ਕੇ ਮੇਨ ਬਾਜ਼ਾਰ ਘਨੌਲੀ ਦੇ ਸੁੰਤਤਰਤਾ ਸੰਗਰਾਮੀ ਚੌਕ ਵਿੱਚ ਤਿਰੰਗਾ ਝੰਡਾ ਲਹਿਰਾਉਣ ਤੋੱ ਬਾਅਦ ਲੋਕਾਂ ਨੂੰ ਲੱਡੂ ਵੰਡੇ ਗਏ। ਇਸ ਤੋਂ ਬਾਅਦ ਰੋਪੜ ਤੋਂ ਬੁਲਾਏ ਗਏ ਕੁਝ ਮੋਟਰਸਾਈਕਲ ਸਵਾਰ ਨੌਜਵਾਨਾਂ ਨਾਲ ਮਿਲ ਕੇ ਜਦੋਂ ਤਿਰੰਗਾ ਮਾਰਚ ਕੱਢਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪੁਲੀਸ ਚੌਕੀ ਘਨੌਲੀ ਦੇ ਇੰਚਾਰਜ ਇੰਦਰਜੀਤ ਸਿੰਘ ਅਤੇ ਨੂਰਪੁਰ ਬੇਦੀ ਥਾਣੇ ਦੇ ਮੁਖੀ ਸ਼ਿਵ ਸੈਨਿਕਾਂ ਨੂੰ ਘੇਰ ਕੇ ਵਾਪਸ ਮੋੜ ਲਿਆਏ। ਪੁਲੀਸ ਨਾਲ ਬਹਿਸ ਕਰਨ ਤੋਂ ਬਾਅਦ ਨੌਜਵਾਨ ਮੋਟਰਸਾਈਕਲਾਂ ’ਤੇ ਬਿਨਾਂ ਤਿਰੰਗੇ ਲਗਾਏ ਪਰਤ ਗਏ। ਜ਼ਿਕਰਯੋਗ ਹੈ ਕਿ ਸ਼ਿਵ ਸੈਨਾ ਨੇ ਗਣਤੰਤਰ ਦਿਵਸ ਮੌਕੇ ਖਟਕੜ ਕਲਾਂ ਤੱਕ ਤਿਰੰਗਾ ਮਾਰਚ ਕਰਨ ਦਾ ਐਲਾਨ ਕੀਤਾ ਸੀ।