ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 22 ਅਗਸਤ
ਮੇਅਰ ਕਰਮਜੀਤ ਸਿੰਘ ਅਤੇ ਕਮਿਸ਼ਨਰ ਮਲਵਿੰਦਰ ਸਿੰਘ ਜੱਗੀ ਦੇ ਦਿਸ਼ਾ-ਨਿਰਦੇਸ਼ਾਂ ’ਤੇ ਅਸਟੇਟ ਅਫਸਰ ਧਰਮਿੰਦਰਜੀਤ ਸਿੰਘ ਦੀ ਅਗਵਾਈ ਹੇਠ ਭੂਮੀ ਵਿਭਾਗ ਦੀ ਟੀਮ ਵੱਲੋਂ ਹਕੀਮਾਂ ਗੇਟ ਦੇ ਨਜ਼ਦੀਕ ਕੁਝ ਵਿਅਕਤੀਆਂ ਵੱਲੋਂ ਸਰਕਾਰੀ ਛੁੱਟੀ ਵਾਲੇ ਦਿਨ ਨਾਜਾਇਜ਼ ਉਸਾਰੀ ਕਰਕੇ ਨਗਰ ਨਿਗਮ ਦੀ ਜ਼ਮੀਨ ਉਪਰ ਕੀਤੇ ਜਾ ਰਹੇ ਨਾਜਾਇਜ਼ ਕਬਜ਼ੇ ਨੂੰ ਰੋਕਿਆ ਗਿਆ ਤੇ ਮੌਕੇ ’ਤੇ ਪਿਆ ਸਾਮਾਨ ਜਿਵੇਂ ਕਿ ਇੱਟਾਂ, ਸੀਮੇਂਟ, ਰੇਤ ਅਤੇ ਹੋਰ ਸਾਮਾਨ ਆਦਿ ਨੂੰ ਕਬਜ਼ੇ ਵਿੱਚ ਲੈ ਕੇ ਨਗਰ ਨਿਗਮ ਦੇ ਸਟੋਰ ਵਿੱਚ ਜਮਾਂ ਕਰਵਾ ਦਿੱਤਾ ਗਿਆ।
ਅਸਟੇਟ ਅਫਸਰ ਧਰਮਿੰਦਰਜੀਤ ਸਿੰਘ ਨੇ ਦੱਸਿਆ ਕਿ ਮੇਅਰ ਅਤੇ ਕਮਿਸ਼ਨਰ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸ਼ਹਿਰ ਵਿੱਚ ਜਿਨ੍ਹਾਂ ਵਿਅਕਤੀਆਂ ਵੱਲੋਂ ਸਰਕਾਰੀ ਜ਼ਮੀਨ ਉਪਰ ਨਾਜਾਇਜ਼ ਕਬਜ਼ੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਨ੍ਹਾਂ ਉਪਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਅਤੇ ਸਰਕਾਰੀ ਜ਼ਮੀਨ ਉਪਰ ਹੋ ਰਹੇ ਨਾਜਾਇਜ਼ ਕਬਜ਼ਿਆਂ ਨੂੰ ਮੌਕੇ ਤੋਂ ਹਟਾਇਆ ਜਾ ਰਿਹਾ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਸਰਕਾਰੀ ਜ਼ਮੀਨ ਉਪਰ ਕੋਈ ਵੀ ਵਿਅਕਤੀ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਨਾ ਕਰੇ। ਜੇ ਕੋਈ ਵਿਅਕਤੀ ਸ਼ਹਿਰ ਵਿੱਚ ਸਰਕਾਰੀ ਜ਼ਮੀਨ ਉਪਰ ਨਾਜਾਇਜ਼ ਕਬਜ਼ਾ ਫੜਿਆ ਜਾਂਦਾ ਹੈ ਤਾਂ ਉਸ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਤੁਰੰਤ ਅਮਲ ਵਿੱਚ ਲਿਆਂਦੀ ਜਾਵੇਗੀ।
ਅੱਜ ਦੀ ਇਸ ਕਾਰਵਾਈ ਵਿੱਚ ਇੰਸਪੈਕਟਰ ਰਾਜ ਕੁਮਾਰ, ਕਲਰਕ ਰਾਜੀਵ ਮਹਿਤਾ, ਵਿਭਾਗੀ ਅਮਲਾ ਅਤੇ ਪੁਲਿਸ ਫੋਰਸ ਸ਼ਾਮਿਲ ਸਨ।