ਜਸਵੰਤ ਜੱਸ
ਫਰੀਦਕੋਟ, 26 ਅਕਤੂਬਰ
ਫ਼ਰੀਦਕੋਟ ਦੇ ਵਧੀਕ ਸੈਸ਼ਨ ਜੱਜ ਨੇ ਆਪਣੇ ਇੱਕ ਹੁਕਮ ਵਿੱਚ ਫ਼ਰੀਦਕੋਟ ਰਿਆਸਤ ਦੀ ਜਾਇਦਾਦ ਦੀ ਸਾਂਭ ਸੰਭਾਲ ਕਰ ਰਹੇ ਮਹਾਰਾਵਲ ਖੇਵਾ ਜੀ ਟਰੱਸਟ ਦੇ ਵਕੀਲ ਨਵਜੋਤ ਸਿੰਘ ਵਹਿਣੀਵਾਲ ਦੀ ਗ੍ਰਿਫ਼ਤਾਰੀ ਉੱਪਰ ਰੋਕ ਲਾਉਣ ਦਾ ਹੁਕਮ ਦਿੱਤਾ ਹੈ। ਦੱਸਣਯੋਗ ਹੈ ਕਿ ਰਾਜਾ ਹਰਿੰਦਰ ਸਿੰਘ ਦੀ ਵਸੀਅਤ ਅਦਾਲਤ ਵੱਲੋਂ ਗੈਰਕਾਨੂੰਨੀ ਐਲਾਨੇ ਜਾਣ ਤੋਂ ਬਾਅਦ ਵਸੀਅਤ ਨੂੰ ਚੁਣੌਤੀ ਦੇਣ ਵਾਲੀ ਰਾਜਾ ਹਰਿੰਦਰ ਸਿੰਘ ਦੀ ਲੜਕੀ ਅੰਮ੍ਰਿਤ ਕੌਰ ਦੀ ਸ਼ਿਕਾਇਤ ਦੇ ਆਧਾਰ ’ਤੇ ਟਰੱਸਟ ਦੇ 23 ਉੱਚ ਅਧਿਕਾਰੀਆਂ ਖ਼ਿਲਾਫ਼ ਸਾਜਿਸ਼ ਤਹਿਤ ਰਾਜੇ ਦੀ ਵਸੀਅਤ ਤਿਆਰ ਕਰਨ ਦੇ ਦੋਸ਼ਾਂ ਤਹਿਤ ਪਰਚਾ ਦਰਜ ਕੀਤਾ ਗਿਆ ਸੀ। ਨਵਜੋਤ ਸਿੰਘ ਵਹਿਣੀਵਾਲ ਨੇ ਅਦਾਲਤ ਨੂੰ ਦੱਸਿਆ ਕਿ ਰਾਜਾ ਹਰਿੰਦਰ ਸਿੰਘ ਦੀ ਵਸੀਅਤ ਪਹਿਲੀ ਜੂਨ 1982 ਨੂੰ ਲਿਖੀ ਗਈ ਸੀ ਅਤੇ ਉਸ ਸਮੇਂ ਉਹ ਜੰਮਿਆ ਵੀ ਨਹੀਂ ਸੀ। ਨਵਜੋਤ ਸਿੰਘ ਵਹਿਣੀਵਾਲ ਨੇ ਅਦਾਲਤ ਨੂੰ ਦੱਸਿਆ ਕਿ ਸ਼ਾਹੀ ਟਰੱਸਟ ਨੇ ਉਸ ਨੂੰ ਸਾਲ 2010 ਵਿੱਚ ਆਪਣੇ ਅਦਾਲਤੀ ਕੇਸਾਂ ਲਈ ਵਕੀਲ ਕੀਤਾ ਸੀ। ਅਦਾਲਤ ਨੇ ਨਵਜੋਤ ਸਿੰਘ ਵਹਿਣੀਵਾਲ ਦੀ ਗ੍ਰਿਫ਼ਤਾਰੀ ’ਤੇ ਰੋਕ ਲਾਉਂਦਿਆਂ ਪੁਲੀਸ ਨੂੰ ਇਸ ਕੇਸ ਨਾਲ ਸਬੰਧਤ ਰਿਕਾਰਡ 28 ਅਕਤੂਬਰ ਨੂੰ ਅਦਾਲਤ ਵਿੱਚ ਪੇਸ਼ ਕਰਨ ਦਾ ਹੁਕਮ ਦਿੱਤਾ ਹੈ। ਦੱਸਣਯੋਗ ਹੈ ਕਿ ਸਿਟੀ ਪੁਲੀਸ ਫਰੀਦਕੋਟ ਨੇ ਵੀ ਇਸ ਮਾਮਲੇ ਨੂੰ ਰੱਦ ਕਰਨ ਦੀ ਸਿਫਾਰਸ਼ ਕੀਤੀ ਸੀ ਪਰੰਤੂ ਇੱਕ ਹਫ਼ਤਾ ਪਹਿਲਾਂ ਹੀ ਚੀਫ ਜੁਡੀਸ਼ਲ ਮੈਜਿਸਟਰੇਟ ਦੀ ਅਦਾਲਤ ਨੇ ਇਸ ਮਾਮਲੇ ਦੀ ਪੜਤਾਲ ਕਰਨ ਦੇ ਨਿਰਦੇਸ਼ ਦਿੱਤੇ ਹਨ।