ਸਿਮਰਤਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 5 ਅਕਤੂਬਰ
ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਅੰਮ੍ਰਿਤਸਰ-ਜਲੰਧਰ ਰੇਲ ਮਾਰਗ ’ਤੇ ਦੇਵੀਦਾਸਪੁਰ ਰੇਲ ਪਟੜੀ ਉਪਰ ਸ਼ੁਰੂ ਕੀਤਾ ‘ਰੇਲ ਰੋਕੋ ਅੰਦੋਲਨ’ ਅੱਜ 12ਵੇਂ ਦਿਨ ਵੀ ਜਾਰੀ ਰਿਹਾ। ਅੱਜ ਸਵੇਰੇ ਪੰਜ ਵਜੇ ਕਿਸਾਨਾਂ ਮਜ਼ਦੂਰਾਂ ਨੇ ਰੇਲ ਪਟੜੀਆਂ ’ਤੇ ਮੋਮਬੱਤੀਆਂ ਜਗ੍ਹਾ ਕੇ ਸੰਘਰਸ਼ ਦੀ ਲੋਅ ਪੂਰੇ ਦੇਸ਼ ਵਿੱਚ ਪਹੁੰਚਾਉਣ ਦੀ ਕਾਮਨਾ ਕੀਤੀ। ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਤੇ ਸੁਖਵਿੰਦਰ ਸਿੰਘ ਸਭਰਾ ਨੇ ਕਿਹਾ ਅੱਜ ਰੇਲ ਰੋਕੋ ਅੰਦੋਲਨ 12ਵੇਂ ਦਿਨ ਅਤੇ ਸਾਂਝਾ ਸੰਘਰਸ਼ 5ਵੇਂ ਦਿਨ ਵਿੱਚ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਅੱਜ ਸਵੇਰੇ ਕਿਸਾਨਾਂ ਨੇ ਮੋਮਬੱਤੀਆਂ ਬਾਲ ਕੇ 6 ਅਕਤੂਬਰ ਦੇ ਹਰਿਆਣਾ ਕਿਸਾਨ-ਮਜ਼ਦੂਰ ਅੰਦੋਲਨ ਦੀ ਹਮਾਇਤ ਕੀਤੀ ਹੈ। ਕਿਸਾਨ ਆਗੂ ਹਰਪ੍ਰੀਤ ਸਿੱਧਵਾਂ, ਲਖਵਿੰਦਰ ਸਿੰਘ ਵਰਿਆਮ ਤੇ ਜਰਮਨਜੀਤ ਸਿੰਘ ਨੇ ਕਿਹਾ ਪੂੰਜੀਪਤੀਆਂ ਦੀਆਂ ਦਲਾਲ ਭਾਰਤੀ ਸਿਆਸੀ ਪਾਰਟੀਆਂ ਸੰਘਰਸ਼ ਦੇ ਚਾਨਣ ਨੂੰ ਮਿਟਾਉਣ ਲਈ ਕਾਵਾਂ-ਰੌਲੀ ਪਾ ਰਹੀਆਂ ਹਨ ਪਰ ਇਹ ਲੋਕ ਰੋਹ ਨੂੰ ਮੱਠਾ ਨਹੀਂ ਕਰ ਸਕਣਗੀਆਂ। ਉਨ੍ਹਾਂ ਕਿਹਾ ਕਾਰਪੋਰੇਟ ਘਰਾਣਿਆਂ ਦੇ ਵਿਰੁੱਧ ਅੰਦੋਲਨ ਤੇਜ਼ ਹੋਇਆ ਹੈ। ਵਿਆਪਕ ਪੱਧਰ ’ਤੇ ਉਨ੍ਹਾਂ ਦੀਆਂ ਵਸਤਾਂ ਦਾ ਵੱਡੇ ਪੱਧਰ ਉੱਤੇ ਬਾਈਕਾਟ ਹੋ ਰਿਹਾ ਹੈ। ਕਿਸਾਨ ਆਗੂ ਨੇ ਕਿਹਾ ਕੇਂਦਰ ਸਰਕਾਰ ਦੇਸ਼ ਦੇ ਚੰਦ ਘਰਾਣੇ ਅੰਬਾਨੀ, ਅਡਾਨੀ ਮੰਡੀਆਂ ਅਤੇ ਬਾਜ਼ਾਰ ਉਪਰ ਕਬਜ਼ਾ ਕਰ ਕੇ ਕਿਸਾਨਾਂ ਨੂੰ ਜ਼ਮੀਨਾਂ ਤੋਂ ਲਾਂਭੇ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਮਨਮਾਨੀਆਂ ਖ਼ਿਲਾਫ਼ ਰੇਲ ਪਟੜੀਆਂ ਅਤੇ ਸੜਕਾਂ ਉੱਪਰ ਦਿਨ-ਰਾਤ ਧਰਨੇ ਮੁਜ਼ਾਹਰੇ ਜਾਰੀ ਹਨ, ਜੋ ਕਿਸਾਨ ਅਤੇ ਮਜ਼ਦੂਰ ਵਿਰੋਧੀ ਕਾਨੂੰਨ ਰੱਦ ਕਰਵਾ ਕੇ ਹੀ ਚੁੱਕੇ ਜਾਣਗੇ।
ਇਸੇ ਦੌਰਾਨ ਅੱਜ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਵੱਲੋਂ ਦੇਵੀਦਾਸਪੁਰਾ ਵਿੱਚ ਰੇਲਵੇ ਲਾਈਨ ’ਤੇ ਕਿਸਾਨਾਂ ਦੇ ਧਰਨੇ ਵਿੱਚ ਹਾਜ਼ਰੀ ਭਰੀ ਗਈ। ਧਰਨੇ ਨੂੰ ਸੰਬੋਧਨ ਕਰਦਿਆਂ ਬੀਬੀ ਪਰਮਜੀਤ ਕੌਰ ਖਾਲੜਾ ਨੇ ਕਿਹਾ ਮੋਦੀ ਸਰਕਾਰ ਨੂੰ ਪੰਜਾਬ ਅੱਗੇ ਝੁਕਣਾ ਪਵੇਗਾ। ਉਨ੍ਹਾਂ ਕਿਹਾ ਜੇਕਰ ਧਰਮ ਯੁੱਧ ਮੋਰਚੇ ਨਾਲ ਕਾਂਗਰਸ, ਭਾਜਪਾ ਦੁਸ਼ਮਣੀ ਨਾ ਕਮਾਉਂਦੀ ਤੇ ਬਾਦਲ ਪਰਿਵਾਰ ਗੱਦਾਰੀ ਨਾਂ ਕਰਦਾ ਤਾਂ ਅੱਜ ਕਿਸਾਨਾਂ ਨੂੰ ਸੜਕਾਂ ਅਤੇ ਰੇਲਵੇ ਲਾਈਨਾਂ ’ਤੇ ਰੁਲਣਾ ਨਾ ਪੈਂਦਾ। ਬੀਬੀ ਖਾਲੜਾ ਨੇ ਕਿਹਾ ਹਰ ਕਿਸਾਨ ਗਰੀਬ ਨੂੰ ਕਿਸਾਨ ਸੰਘਰਸ਼ ਵਿੱਚ ਸਹਿਯੋਗ ਦੇ ਕੇ ਦਿੱਲੀ ਨੂੰ ਹਰਾਉਣਾ ਚਾਹੀਦਾ ਹੈ ਅਤੇ ਖਾਲੜਾ ਮਿਸ਼ਨ ਕਿਸਾਨ ਸੰਘਰਸ਼ ਵਿੱਚ ਹਰ ਪੱਖ ਤੋਂ ਸਹਿਯੋਗ ਕਰੇਗਾ। ਉਨ੍ਹਾਂ ਕਿਹਾ 84 ਵਾਲਿਆਂ ਤੇ ਬੇਅਦਬੀ ਦਲ ਵਾਲਿਆਂ ਨੂੰ ਸੰਘਰਸ਼ ਤੋਂ ਦੂਰ ਰੱਖਣਾ ਚਹੀਦਾ ਹੈ ਅਤੇ ਭਾਜਪਾ ਦੀਆਂ ਪੂਰੀ ਤਰ੍ਹਾਂ ਜੜਾਂ ਪੁੱਟਣੀਆਂ ਚਾਹੀਦੀਆਂ ਹਨ।
ਚੰਡੀਗੜ੍ਹ (ਟ.ਨ.ਸ): ਕਿਰਤੀ ਕਿਸਾਨ ਯੂਨੀਅਨ ਨੇ ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਕੇਂਦਰ ਸਰਕਾਰ ਨਾਲ ਸਿੱਧਾ ਮੱਥਾ ਲਾਉਣ ਦਾ ਐਲਾਨ ਕਰਦਿਆਂ ਦਿੱਲੀ ਵੱਲ ਕੂਚ ਕਰਨ ਦਾ ਫ਼ੈਸਲਾ ਲਿਆ ਹੈ। ਯੂਨੀਅਨ ਆਗੂ ਦਾਤਾਰ ਸਿੰਘ ਨੇ ਦੱਸਿਆ ਕਿ ਸਰਹੱਦੀ ਪਿੰਡ ਰਾਜਾਤਾਲ ਦੇ ਇਕੱਠ ਵਿੱਚ ਅੱਜ ਸੂਬਾ ਕਮੇਟੀ ਦੇ ਫ਼ੈਸਲੇ ’ਤੇ ਚਰਚਾ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੀਨੀਅਰ ਆਗੂਆਂ ਨੇ ਕਿਹਾ ਕਿ ਪੰਜਾਬ ਤੋਂ ਸ਼ੁਰੂ ਹੋਏ ਸੰਘਰਸ਼ਾਂ ਦੌਰਾਨ ਪੰਜਾਬ ਦੇ ਕਿਸਾਨਾਂ ਨੇ ਆਪਣੀ ਆਵਾਜ਼ ਮੋਦੀ ਸਰਕਾਰ ਤੱਕ ਪਹੁੰਚਾਈ ਹੈ ਕਿ ਸਰਕਾਰ ਆਪਣੇ ਕਿਸਾਨ ਮਾਰੂ ਕਾਨੂੰਨ ਵਾਪਸ ਲਵੇ, ਪਰ ਕੇਂਦਰ ਸਰਕਾਰ ਦੇ ਕੰਨ ’ਤੇ ਜੂੰ ਨਹੀਂ ਸਰਕੀ। ਉਨ੍ਹਾਂ ਕਿਹਾ ਕਿ ਸਰਕਾਰ ਕਾਰਪੋਰੇਟ ਘਰਾਣਿਆਂ ਦਾ ਖੇਤੀਬਾੜੀ ’ਤੇ ਕਬਜ਼ਾ ਕਰਵਾ ਕੇ ਕਿਸਾਨਾਂ ਨਾਲ ਬੇਲੋੜੇ ਟਕਰਾਅ ਦਾ ਰਾਸਤਾ ਅਖ਼ਤਿਆਰ ਕਰ ਰਹੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਜੇ ਮੋਦੀ ਸਰਕਾਰ ਨਾ ਜਾਗੀ ਤਾਂ ਦਿੱਲੀ ਜਾ ਕੇ ਭਾਜਪਾ ਦੇ ਤਖ਼ਤ ਨੂੰ ਹਲੂਣਾ ਦਿੱਤਾ ਜਾਵੇਗਾ।
ਹੁਣ ਪਤਾ ਨਹੀਂ ਬਾਦਲਾਂ ਨੂੰ ਕੀ ਹੋ ਗਿਐ: ਸੋਮ ਪ੍ਰਕਾਸ਼
ਲੁਧਿਆਣਾ (ਗਗਨਦੀਪ ਅਰੋੜਾ): ਸੂਬੇ ’ਚ ਖੇਤੀ ਕਾਨੂੰਨਾਂ ਦੇ ਵਿਰੋਧ ਦੌਰਾਨ ਆਪਣੀ ਸਿਆਸੀ ਜ਼ਮੀਨ ਬਚਾਉਣ ਖਾਤਰ ਹੁਣ ਭਾਜਪਾ ਦੇ ਆਗੂ ਲੋਕਾਂ ਨਾਲ ਰਾਬਤਾ ਬਣਾ ਰਹੇ ਹਨ। ਇਸੇ ਤਹਿਤ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਤੇ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਅੱਜ ਲੁਧਿਆਣਾ ਦਾ ਦੌਰਾ ਕੀਤਾ। ਕੇਂਦਰੀ ਮੰਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਕਾਲੀ ਦਲ ਆਖਰ ਤੱਕ ਇਸ ਬਿੱਲ ਦਾ ਸਮਰਥਨ ਕਰਦਾ ਰਿਹਾ ਹੈ। ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਸੁਖਬੀਰ ਸਿੰਘ ਬਾਦਲ ਨੇ ਵੀ ਇਸ ਬਿੱਲ ਦਾ ਸਮਰਥਨ ਕੀਤਾ ਸੀ ਤੇ ਇੱਥੋਂ ਤੱਕ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਇਸ ਬਿੱਲ ਦੇ ਹੱਕ ’ਚ ਸਨ ਪਰ ਹੁਣ ਪਤਾ ਨਹੀਂ ਕੀ ਹੋ ਗਿਆ ਕਿ ਅਕਾਲੀ ਦਲ ਇਸ ਦਾ ਵਿਰੋਧ ਕਰ ਰਿਹਾ ਹੈ। ਅਕਾਲੀ ਦਲ ਹੁਣ ਆਪਣੀ ਸਿਆਸੀ ਮਜਬੂਰੀ ਕਾਰਨ ਇਸ ਬਿੱਲ ਦਾ ਵਿਰੋਧ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਮਨਮੋਹਨ ਸਿੰਘ ਸਰਕਾਰ ਵੀ ਇਹ ਬਿੱਲ ਲਿਆਈ ਸੀ ਪਰ ਉਦੋਂ ਇਹ ਪਾਸ ਨਹੀਂ ਹੋਇਆ ਸੀ। ਉਸ ਸਮੇਂ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਇਸ ਨੂੰ ਕਾਫ਼ੀ ਚੰਗਾ ਆਖਿਆ ਸੀ ਪਰ ਉਹ ਹੁਣ ਟਰੈਕਟਰ ’ਤੇ ਸਵਾਰ ਹੋ ਕੇ ਰਾਜਨੀਤੀ ਕਰ ਰਹੇ ਹਨ। ਕੇਂਦਰੀ ਮੰਤਰੀ ਨੇ ਕਿਹਾ ਕਿ ਕਿਸਾਨਾਂ ਲਈ ਗੱਲਬਾਤ ਦੇ ਰਸਤੇ ਖੁੱਲ੍ਹੇ ਹਨ। ਉਨ੍ਹਾਂ ਸਾਫ਼ ਕੀਤਾ ਕਿ ਇਸ ਬਿੱਲ ਨਾਲ ਕਿਸਾਨਾਂ ਦਾ ਕਿਤੇ ਵੀ ਨੁਕਸਾਨ ਨਹੀਂ ਹੋਵੇਗਾ। ਇਹ ਬਿੱਲ ਕਿਸਾਨਾਂ ਦੇ ਹਿੱਤ ’ਚ ਹੈ ਤੇ ਕਿਸੇ ਕਿਸਾਨ ਦੀ ਜ਼ਮੀਨ ਨਹੀਂ ਜਾਵੇਗੀ। ਇਸ ਮੌਕੇ ਰਾਜਿੰਦਰ ਭੰਡਾਰੀ, ਜੀਵਨ ਗੁਪਤਾ, ਪ੍ਰਵੀਨ ਬਾਂਸਲ, ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਸਿੰਗਲ ਆਦਿ ਹਾਜ਼ਰ ਸਨ।
ਯੂਕੇ ’ਚ ਪੰਜਾਬ ਦੇ ਕਿਸਾਨਾਂ ਦੇ ਹੱਕ ’ਚ ਰੋਸ ਮਾਰਚ
ਲੁਧਿਆਣਾ (ਟ.ਨ.ਸ): ਖੇਤੀ ਕਾਨੂੰਨ ਦਾ ਵਿਰੋਧ ਸਿਰਫ਼ ਪੰਜਾਬ ਵਿਚ ਹੀ ਨਹੀਂ ਬਲਕਿ ਹੁਣ ਵਿਦੇਸ਼ਾਂ ਵਿਚ ਪਰਵਾਸੀਆਂ ਨੇ ਵੀ ਸ਼ੁਰੂ ਕਰ ਦਿੱਤਾ ਹੈ। ਇਸੇ ਤਹਿਤ ਇੰਟਰਨੈਸ਼ਨਲ ਭਾਟ ਸਿੱਖ ਕੌਂਸਲ ਯੂਕੇ ਵੱਲੋਂ ਪੰਜਾਬ ਦੇ ਕਿਸਾਨਾਂ ਦੇ ਹੱਕ ਵਿਚ ਮਾਰਚ ਕੱਢਿਆ ਗਿਆ ਤੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨ ਦਾ ਵਿਰੋਧ ਕੀਤਾ ਗਿਆ। ਕੌਂਸਲ ਦੇ ਪ੍ਰਧਾਨ ਬਲਰਾਜ ਸਿੰਘ ਲੈਸਟਰ ਤੇ ਮੈਂਬਰ ਗੁਰਬਚਨ ਸਿੰਘ, ਦਲੇਰ ਸਿੰਘ ਅਤੇ ਜਗੀਰ ਸਿੰਘ ਨੇ ਅੱਜ ਫੋਨ ’ਤੇ ਗੱਲਬਾਤ ਕਰਦਿਆਂ ਦੱਸਿਆ ਕਿ ਲ਼ੈਸਟਰ ਵਿੱਚ ਭਾਰਤ ਦੀ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਿਸਾਨ ਵਿਰੋਧੀ ਬਿੱਲਾਂ ਖ਼ਿਲਾਫ਼ ਰੋਸ ਮਾਰਚ ਕੱਢਿਆ ਗਿਆ ਜਿਸ ਵਿਚ ਵੱਡੀ ਗਿਣਤੀ ਪੰਜਾਬੀ ਭਾਈਚਾਰੇ ਦੇ ਲੋਕ ਇਕੱਠੇ ਹੋਏ। ਉਨ੍ਹਾਂ ਕਿਹਾ ਕਿ ਇਹ ਬਿੱਲ ਪੰਜਾਬ ਦੇ ਕਿਸਾਨਾਂ ਦਾ ਕਤਲ ਕਰਨ ਵਾਂਗ ਹੀ ਹੈ, ਜਿਸ ਦਾ ਸਭ ਤੋਂ ਵੱਧ ਅਸਰ ਖੇਤੀਬਾੜੀ ਨਾਲ ਜੁੜੇ ਛੋਟੇ ਕਿਸਾਨਾਂ ’ਤੇ ਪਵੇਗਾ।