ਸ੍ਰੀ ਗੋਇੰਦਵਾਲ ਸਾਹਿਬ (ਪੱਤਰ ਪ੍ਰੇਰਕ): ਖਡੂਰ ਸਾਹਿਬ ਸਥਿਤ ਇੱਕ ਗੰਨ ਹਾਊਸ ’ਚੋਂ ਹਜ਼ਾਰਾਂ ਕਾਰਤੂਸ ਚੋਰੀ ਹੋਣ ਦਾ ਮਾਮਲਾ ਸਵਾਲਾਂ ’ਚ ਘਿਰ ਗਿਆ ਹੈ। ਭਾਵੇਂ ਇਸ ਸਬੰਧੀ ਥਾਣਾ ਗੋਇੰਦਵਾਲ ਸਾਹਿਬ ਦੀ ਪੁਲੀਸ ਨੇ ਸਿਰਫ਼ ਗੰਨ ਹਾਊਸ ਦੇ ਮਾਲਕ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕਰ ਕੇ ਜਾਂਚ ਆਰੰਭ ਦਿੱਤੀ ਹੈ ਪਰ ਸੂਤਰਾਂ ਅਨੁਸਾਰ ਇਸ ਮਾਮਲੇ ਨੂੰ ਫਰਜ਼ੀ ਚੋਰੀ ਦੇ ਮਾਮਲੇ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ। ਇਹ ਚੋਰੀ ਸਥਾਨਕ ਪੁਲੀਸ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਖੜ੍ਹੇ ਕਰਦੀ ਹੈ। ਸ਼ਿਕਾਇਤਕਰਤਾ ਹਰਿੰਦਰਪਾਲ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਐਤਵਾਰ ਰਾਤ ਨੂੰ ਚੋਰਾਂ ਨੇ ਦੁਕਾਨ ਦੀ ਛੱਤ ਪਾੜ ਕੇ ਕਰੀਬ ਦੋ ਹਜ਼ਾਰ ਦੇ ਕਰੀਬ ਵੱਖ ਵੱਖ ਤਰ੍ਹਾਂ ਦੇ ਕਾਰਤੂਸਾਂ ਤੋਂ ਇਲਾਵਾ 12 ਏਅਰ ਗੰਨ, 1 ਏਅਰ ਪਿਸਟਲ, ਡਿਜੀਟਲ ਕੈਮਰਾ ਅਤੇ 24 ਹਜ਼ਾਰ ਰੁਪਏ ਨਗਦ ਚੋਰੀ ਕਰ ਲਏ ਹਨ। ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।