ਪੱਤਰ ਪ੍ਰੇਰਕ
ਸ੍ਰੀ ਫ਼ਤਹਿਗੜ੍ਹ ਸਾਹਿਬ, 6 ਅਕਤੂਬਰ
ਪਿੰਡ ਭਗੜਾਣਾ ਅਤੇ ਫ਼ਤਹਿਗੜ੍ਹ ਸਾਹਿਬ ਵਿੱਚ ਚੋਰੀ ਦੀਆਂ ਦੋ ਘਟਨਾਵਾਂ ਵਾਪਰੀਆਂ। ਹਰਜੋਤ ਸਿੰਘ ਵਾਸੀ ਪਿੰਡ ਭਗੜਾਣਾ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਕਿਸੇ ਕੰਮ ਪਟਿਆਲਾ ਗਿਆ ਸਨ। ਜਦੋਂ ਉਹ ਦੁਪਹਿਰ ਨੂੰ ਘਰ ਪਰਤੇ ਤਾਂ ਦੇਖਿਆ ਕਿ ਘਰ ਦੇ ਪਿਛਲੇ ਦਰਵਾਜ਼ੇ ਦਾ ਤਾਲਾ ਟੁੱਟਿਆ ਹੋਇਆ ਸੀ ਤੇ ਕਮਰੇ ਅੰਦਰ ਪਈ ਅਲਮਾਰੀ ’ਚ ਪਈ ਨਕਦੀ ਜਿਸ ਵਿੱਚ ਡਾਲਰ, ਯੂਰੋ, ਸੋਨੇ ਦੀ ਮੁੰਦਰੀ ਤੇ ਹੋਰ ਭਾਰਤੀ ਕਰੰਸੀ, ਚੋਰੀ ਸੀ। ਬਡਾਲੀ ਆਲਾ ਸਿੰਘ ਪੁਲੀਸ ਨੇ ਅਣਪਛਾਤਿਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਵੱਖਰੇ ਮਾਮਲੇ ’ਚ ਗੋਨਿਆਣਾ ਮੰਡੀ (ਬਠਿੰਡਾ) ਦੇ ਵਸਨੀਕ ਹਰਦੀਪ ਸਿੰਘ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਆਪਣੀ ਵੈਗਨਾਰ ਕਾਰ ’ਚ ਕੱਪੜਾ ਰੱਖ ਕੇ ਪਿੰਡਾਂ-ਸ਼ਹਿਰਾਂ ’ਚ ਵੇਚਣ ਜਾਂਦਾ ਹੈ। ਉਹ ਕੱਪੜਾ ਵੇਚਣ ਲਈ ਸਾਹਿਲ ਵਾਸੀ ਗੋਨਿਆਣਾ ਮੰਡੀ ਨਾਲ ਫ਼ਤਹਿਗੜ੍ਹ ਸਾਹਿਬ ਦੇ ਇਲਾਕੇ ’ਚ ਆਏ ਹੋਏ ਸਨ ਤੇ ਦੁਪਹਿਰੇ ਉਹ ਆਪਣੀ ਕਾਰ ਪਾਰਕਿੰਗ ’ਚ ਖੜ੍ਹੀ ਕਰ ਕੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ’ਚ ਮੱਥਾ ਟੇਕਣ ਲਈ ਚਲੇ ਗਏ। ਜਦੋਂ ਕੁਝ ਚਿਰ ਬਾਅਦ ਬਾਹਰ ਨਿੱਕਲੇ ਤਾਂ ਉਨ੍ਹਾਂ ਦੀ ਕਾਰ ਸਮੇਤ ਕੱਪੜਾ ਪਾਰਕਿੰਗ ’ਚੋਂ ਚੋਰੀ ਸੀ। ਫ਼ਤਹਿਗੜ੍ਹ ਸਾਹਿਬ ਦੀ ਪੁਲੀਸ ਵੱਲੋਂ ਅਣਪਛਾਤਿਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ।