ਬਹਾਦਰਜੀਤ ਸਿੰਘ
ਰੂਪਨਗਰ, 16 ਜੂਨ
ਭਾਰਤੀਆ ਵਾਲਮੀਕ ਧਰਮ ਸਮਾਜ (ਭਾਵਾਧਸ) ਵੱਲੋਂ ਬੇਲਾ ਚੌਕ ’ਚ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਦਾ ਪੁਤਲਾ ਫੂਕਿਆ ਤੇ ਉਨ੍ਹਾਂ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਤੇ ਸ੍ਰੀ ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਬਾਰੇ ਕੀਤੀ ਗਲਤ ਬਿਆਨਬਾਜ਼ੀ ਦੀ ਸਖਤ ਨਿਖੇਧੀ ਕੀਤੀ। ਰੋਸ ਮੁਜ਼ਾਹਰਾ ਭਾਰਤੀਆ ਵਾਲਮੀਕ ਧਰਮ ਸਮਾਜ ਵੱਲੋਂ ਰਾਜਿੰਦਰ ਕੁਮਾਰ ਮੀਤ ਪ੍ਰਧਾਨ ਪੰਜਾਬ ਦੀ ਅਗਵਾਈ ’ਚ ਕੀਤਾ ਗਿਆ ਤੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਰਾਜਿੰਦਰ ਕੁਮਾਰ ਨੇ ਕਿਹਾ ਕਿ ਜੋ ਬਿੱਟੂ ਦੀ ਵੀਡੀਓ ਵਾਇਰਲ ਹੋਈ ਹੈ ਉਸ ’ਚ ਬਿੱਟੂ ਨੇ ਕਿਹਾ ਹੈ ਕਿ ਸ਼੍ਰ੍ੋਮਣੀ ਅਕਾਲੀ ਦਲ ਨੇ ਸ੍ਰੀ ਆਨੰਦਪੁਰ ਸਾਹਿਬ ਤੇ ਸ੍ਰੀ ਚਮਕੌਰ ਸਾਹਿਬ ਦੀਆਂ ਇਹ ਪੰਥਕ ਸੀਟਾਂ (ਪਵਿੱਤਰ ਸੀਟਾਂ) ਹਨ, ਇਹ ਬਸਪਾ ਨੂੰ ਦੇ ਕੇ ਵੱਡੀ ਗਲਤੀ ਕੀਤੀ ਹੈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਪਰਮਜੀਤ ਸਿੰਘ ਮੱਕੜ, ਬਸਪਾ ਦੇ ਜ਼ੋਨ ਇੰਚਾਰਜ ਐਡਵੋਕੇਟ ਚਰਨਜੀਤ ਸਿੰਘ ਘਈ ਤੇ ਬਸਪਾ ਦੇ ਜ਼ਿਲ੍ਹਾ ਪ੍ਰਧਾਨ ਰਾਮਪਾਲ ਅਬਿਆਣਾ ਆਦਿ ਹਾਜ਼ਰ ਸਨ।
ਇਸ ਦੌਰਾਨ ਪੰਜਾਬ ਸਰਕਾਰ ਅੇ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਮੰਗ ਕੀਤੀ ਕਿ ਰਵਨੀਤ ਸਿੰਘ ਬਿੱਟੂ ਖ਼ਿਲਾਫ਼ ਦੇਸ਼ ਧਰੋਹ ਦਾ ਤੇ ਐੱਸਸੀ/ਐੱਸਟੀ ਐਕਟ ਮੁਤਾਬਕ ਕੇਸ ਦਰਜ ਕੀਤਾ ਜਾਵੇ।
ਮੋਰਿੰਡਾ (ਪੱਤਰ ਪ੍ਰੇਰਕ) ਇਥੋਂ ਦੇ ਢੋਲਣਮਾਜਰਾ ਚੌਕ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਇੰਚਾਰਜ ਡਾ. ਚਰਨਜੀਤ ਸਿੰਘ ਦੀ ਅਗਵਾਈ ਹੇਠ ਦਲਿਤ ਵਿਰੋਧੀ ਬਿਆਨ ਦੇਣ ’ਤੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਖ਼ਿਲਾਫ਼ ਰੋਸ ਮਾਰਚ ਕੱਢਿਆ ਅਤੇ ਪੁਤਲਾ ਫੂਕਿਆ। ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਰਵਨੀਤ ਸਿੰਘ ਬਿੱਟੂ ਦੇ ਦਲਿਤ ਵਿਰੋਧੀ ਬਿਆਨ ਤੋਂ ਇਹ ਸਾਬਿਤ ਹੋ ਗਿਆ ਹੈ ਕਿ ਕਾਂਗਰਸ ਸਰਕਾਰ ਨੂੰ ਦਲਿਤਾਂ ਦੀ ਕਿੰਨੀ ਕੁ ਚਿੰਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਦਲਿਤਾਂ ਦੀ ਬਿਹਤਰੀ ਲਈ ਕੋਈ ਵੀ ਕੰਮ ਨਹੀਂ ਕੀਤਾ ਤੇ ਕਾਂਗਰਸੀ ਮੰਤਰੀਆਂ ਵੱਲੋਂ ਦਲਿਤਾਂ ਦੇ ਵਜੀਫੇ ਵਿੱਚ ਘੁਟਾਲਾ ਕਰਕੇ ਦਲਿਤ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ।
ਅਕਾਲੀ-ਬਸਪਾ ਵੱਲੋਂ ਅੱਜ ਫੂਕੇ ਜਾਣਗੇ ਬਿੱਟੂ ਦੇ ਪੁਤਲੇ
ਅਮਲੋਹ (ਪੱਤਰ ਪ੍ਰੇਰਕ) ਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੜ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਪੰਜਾਬ ਵਿੱਚੋਂ ਕਾਂਗਰਸ ਤੇ ਆਪ ਨੂੰ ਚੱਲਦਾ ਕਰਨ ਲਈ ਨਿਰਣਾਇਕ ਸਿੱਧ ਹੋਵੇਗਾ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਅਮਲੋਹ ਤੋਂ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ, ਬਸਪਾ ਦੇ ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਇੰਚਾਰਜ ਕੁਲਵੰਤ ਸਿੰਘ ਮਹਿਤੋ ਤੇ ਗੁਰਮੀਤ ਸਿੰਘ ਤੰਦਾ ਬੱਧਾ ਨੇ ਅੱਜ ਇਥੇ ਅਕਾਲੀ-ਬਸਪਾ ਲੀਡਰਸਿਪ ਦੀ ਤਾਲਮੇਲ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਇਹ ਸਮਝੌਤਾ ਆਪਸੀ ਹਿਤਾਂ ਲਈ ਨਹੀਂ ਸਗੋਂ ਦੇਸ਼ ਤੇ ਸੂਬੇ ਦੀ ਫ਼ਿਜਾ ਬਦਲਣ ਲਈ ਹੋਇਆ ਹੈ। ਇਸ ਮੌਕੇ ਆਗੂਆਂ ਨੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਵੱਲੋਂ ਇਸ ਗੱਠਜੋੜ ਤੇ ਦਲਿਤਾਂ ਬਾਰੇ ਮਾੜੀ ਸ਼ਬਦਾਵਲੀ ਬੋਲਣ ਦੀ ਸਖਤ ਅਲੋਚਨਾ ਕੀਤੀ।
ਬਿੱਟੂ ਦਲਿਤ ਵਿਰੋਧੀ ਬਿਆਨਬਾਜ਼ੀ ਲਈ ਮੁਆਫ਼ੀ ਮੰਗੇ: ਬਡਹੇੜੀ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਆਲ ਇੰਡੀਆ ਜੱਟ ਮਹਾਸਭਾ ਚੰਡੀਗੜ੍ਹ ਦੇ ਪ੍ਰਧਾਨ ਰਾਜਿੰਦਰ ਸਿੰਘ ਬਡਹੇੜੀ ਨੇ ਕਿਹਾ ਕਿ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਵੱਲੋਂ ਦਲਿਤ ਸਮਾਜ ਲਈ ਕੀਤੀ ਬਿਆਨਬਾਜ਼ੀ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਬਿੱਟੂ ਨੂੰ ਆਪਣੀ ਅਜਿਹੀ ਬਿਆਨਬਾਜ਼ੀ ਲਈ ਪੂਰੇ ਦਲਿਤ ਸਮਾਜ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਇਸ ਤੋਂ ਇਲਾਵਾ ਕਾਂਗਰਸ ਪਾਰਟੀ ਨੂੰ ਵੀ ਬਿੱਟੂ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ।