ਮਹਿੰਦਰ ਸਿੰਘ ਰੱਤੀਆਂ
ਮੋਗਾ, 17 ਅਗਸਤ
ਪਿੰਡ ਲੰਗੇਆਣਾ ਕਲਾਂ ’ਚ ਸ਼ਹੀਦ ਪਾਇਲਟ ਸਕੁਐਡਰਨ ਲੀਡਰ ਅਭਿਨਵ ਚੌਧਰੀ ਦਾ ਬੁੱਤ ਸਥਾਪਤ ਕੀਤਾ ਗਿਆ ਹੈ। ਇਸ ਮੌਕੇ ਬੁੱਤ ਤੋਂ ਪਰਦਾ ਹਟਾਉਣ ਦੀ ਰਸਮ ਅਭਿਨਵ ਦੇ ਪਿਤਾ ਸਤਿੰਦਰ ਚੌਧਰੀ ਅਤੇ ਉਨ੍ਹਾਂ ਦੇ ਪਰਿਵਾਰ ਨੇ ਨਿਭਾਈ। ਇਸ ਮੌਕੇ ਵਿਧਾਇਕ ਦਰਸ਼ਨ ਸਿੰਘ ਬਰਾੜ ਵੀ ਮੌਜੂਦ ਸਨ।
ਸ਼ਹੀਦ ਪਾਇਲਟ ਅਭਿਨਵ ਚੌਧਰੀ ਪਿੰਡ ਪੂਸਰ (ਯੂਪੀ) ਦੇ ਵਸਨੀਕ ਸਨ। ਇਸ ਮੌਕੇ ਅਭਿਨਵ ਚੌਧਰੀ ਦੇ ਪਿਤਾ ਸਤਿੰਦਰ ਚੌਧਰੀ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅਭਿਨਵ ਦੀ ਭੈਣ, ਚਾਚਾ ਅਤੇ ਸਰਪੰਚ ਭਾਗਿਆਬੀਰ ਹਾਜ਼ਰ ਸਨ। ਸਰਪੰਚ ਜਗਸੀਰ ਸਿੰਘ ਨੇ ਦੱਸਿਆ ਕਿ ਆਪਣੀ ਕੁਰਬਾਨੀ ਦੇ ਕੇ ਪਿੰਡ ਦੇ ਲੋਕਾਂ ਨੂੰ ਬਚਾਉਣ ਵਾਲੇ ਸ਼ਹੀਦ ਅਭਿਨਵ ਚੌਧਰੀ ਦੀ ਯਾਦ ਤਾਜ਼ਾ ਰੱਖਣ ਲਈ ਪਿੰਡ ਲੰਗੇਆਣਾ ਵਿੱਚ ਬੱਸ ਅੱਡੇ ਨੇੜੇ ਪੰਚਾਇਤ, ਨੌਜਵਾਨਾਂ ਅਤੇ ਪਰਵਾਸੀਆਂ ਦੇ ਸਹਿਯੋਗ ਨਾਲ ਡੇਢ ਲੱਖ ਰੁਪਏ ਨਾਲ ਤਿਆਰ ਇਹ ਬੁੱਤ ਸਥਾਪਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਭਾਰਤੀ ਹਵਾਈ ਸੈਨਾ ਦਾ ਮਿੱਗ -21 ਲੜਾਕੂ ਜਹਾਜ਼ ਇਸੇ ਵਰ੍ਹੇ ਬੀਤੀ 21 ਮਈ ਦੀ ਰਾਤ ਨੂੰ ਪਿੰਡ ਲੰਗੇਆਣਾ ਕਲਾਂ ਨੇੜੇ ਖੇਤਾਂ ਵਿੱਚ ਡਿੱਗ ਗਿਆ ਸੀ ਜਿਸਨੂੰ ਪਾਇਲਟ ਅਭਿਨਵ ਚੌਧਰੀ ਚਲਾ ਰਹੇ ਸਨ।