ਪੱਤਰ ਪ੍ਰੇਰਕ
ਆਨੰਦਪੁਰ ਸਾਹਿਬ, 28 ਅਪਰੈਲ
ਝੱਜ ਚੌਕ ਨਜ਼ਦੀਕ ਡੇਰਾ ਪ੍ਰਬੰਧਕ ਬਾਬੇ ਦੀਆਂ ਮਨਮਾਨੀਆਂ ਸਬੰਧੀ ਨੌਂ ਮੈਂਬਰੀ ਕਮੇਟੀ ਵੱਲੋਂ ਪੜਤਾਲ ਕੀਤੀ ਗਈ ਸੀ। ਇਸ ਕਮੇਟੀ ਕੋਲ ਸੰਗਤਾਂ ਨੇ ਅੱਜ ਬਿਆਨ ਦਰਜ ਕਰਵਾਏ ਹਨ। ਇਸ ਤੋਂ ਪਹਿਲਾਂ ਬਾਬੇ ਖ਼ਿਲਾਫ਼ ਇਲਾਕੇ ਦੀਆਂ ਸੰਗਤਾਂ ਵੱਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ ਕਰ ਕੇ ਮੰਗ ਪੱਤਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਜਥੇਦਾਰ ਨੇ ਹੈੱਡ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ ਦੀ ਅਗਵਾਈ ਹੇਠ ਨੌਂ ਮੈਂਬਰੀ ਕਮੇਟੀ ਬਣਾਈ ਸੀ। ਕਮੇਟੀ ਵੱਲੋਂ ਸ਼ਿਕਾਇਤਕਰਤਾ ਸੰਗਤਾਂ ਨੂੰ ਵੀ ਬੁਲਾਇਆ ਗਿਆ ਸੀ ਜਿਨ੍ਹਾਂ ਨੇ ਅੱਜ ਤਖ਼ਤ ਸਾਹਿਬ ਪਹੁੰਚ ਕੇ ਉਕਤ ਕਮੇਟੀ ਦੇ ਮੁੱਖ ਮੈਂਬਰ ਗਿਆਨੀ ਸਰਬਜੀਤ ਸਿੰਘ ਖਡੂਰ ਸਾਹਿਬ ਵਾਲਿਆਂ ਨੂੰ ਲਿਖਤੀ ਚਿੱਠੀ ਦੇ ਕੇ ਆਪਣੇ ਬਿਆਨ ਦਰਜ ਕਰਵਾਏ ਹਨ।