ਖੇਤਰੀ ਪ੍ਰਤੀਨਿਧ
ਬਰਨਾਲਾ, 20 ਨਵੰਬਰ
ਇੱਥੇ ਤਰਕਸ਼ੀਲ ਭਵਨ ਵਿੱਚ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਵੱਲੋਂ ਜਥੇਬੰਦੀ ਦੀ ਮਜ਼ਬੂਤੀ ਲਈ ਸੂਬਾ ਜਥੇਬੰਦਕ ਕਨਵੈਨਸ਼ਨ ਕੀਤੀ ਗਈ। ਮਜ਼ਦੂਰ ਲਹਿਰ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਮਗਰੋਂ ਝੰਡੇ ਦੀ ਰਸਮ ਨਾਲ ਆਰੰਭ ਹੋਈ ਕਨਵੈਨਸ਼ਨ ਦੌਰਾਨ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਆਗੂ ਪ੍ਰਸ਼ੋਤਮ ਮਹਿਰਾਜ, ਲੋਕ ਸੰਗਰਾਮ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਤਾਰਾ ਸਿੰਘ, ਡੈਮੋਕ੍ਰੇਟਿਕ ਸਟੂਡੈਂਟਸ ਆਰਗੇਨਾਈਜੇਸ਼ਨ ਪੰਜਾਬ ਦੇ ਆਗੂ ਗੁਰਵਿੰਦਰ ਸਿੰਘ, ਟੈਕਨੀਕਲ ਸਰਵਿਸ ਯੂਨੀਅਨ ਦੇ ਹਰਜਿੰਦਰ ਸਿੰਘ ਤੇ ਭੱਠਾ ਮਜ਼ਦੂਰ ਯੂਨੀਅਨ ਜ਼ੋਰਾ ਸਿੰਘ ਫੂਲ ਨੇ ਕਨਵੈਨਸ਼ਨ ਨੂੰ ਸੰਬੋਧਨ ਕੀਤਾ। ਇਸ ਮਗਰੋਂ ਯੂਨੀਅਨ ਦੇ ਸੂਬਾਈ ਆਗੂ ਕੁਲਵੰਤ ਸਿੰਘ ਸੇਲਬਰਾਹ ਨੇ ਜਥੇਬੰਦੀ ਦਾ ਐਲਾਨਨਾਮਾ ਪੜ੍ਹਿਆ, ਜਿਸ ਵਿੱਚ ਪੇਂਡੂ ਦਲਿਤ ਬੇਜ਼ਮੀਨੇ ਤੇ ਜ਼ਮੀਨ ਵਿਰਵੀਆਂ ਹੋਰ ਜ਼ਮਾਤਾਂ ਲਈ ਸੰਘਰਸ਼ ਕਰਨ ਨੂੰ ਕੇਂਦਰੀ ਨੁਕਤੇ ਵਜੋਂ ਰੱਖਿਆ ਗਿਆ। ਇਸ ਦੇ ਨਾਲ ਹੀ ਜਥੇਬੰਦੀ ਦੀ ਮੈਂਬਰਸ਼ਿਪ, ਪਿੰਡ, ਬਲਾਕ, ਜ਼ਿਲ੍ਹਾ ਅਤੇ ਸੂਬਾ ਪੱਧਰ ਦੀਆਂ ਕਮੇਟੀਆਂ ਬਣਾਉਣ ਆਦਿ ਬਾਰੇ ਵੀ ਚਰਚਾ ਕੀਤੀ ਗਈ।
ਇਸ ਮੌਕੇ ਚੁਣੀ ਗਈ ਨਵੀਂ ਟੀਮ ਵਿੱਚ ਕੁਲਵੰਤ ਸਿੰਘ ਸੇਲਬਰਾਹ ਨੂੰ ਪ੍ਰਧਾਨ, ਲਖਵੀਰ ਸਿੰਘ ਲੌਂਗੋਵਾਲ ਨੂੰ ਸਕੱਤਰ, ਸਿਕੰਦਰ ਅਜਿੱਤ ਗਿੱਲ ਨੂੰ ਖ਼ਜ਼ਾਨਚੀ, ਪ੍ਰਗਟ ਸਿੰਘ ਕਾਲਾਝਾੜ ਨੂੰ ਪ੍ਰੈੱਸ ਸਕੱਤਰ, ਦਿਲਬਾਗ ਸਿੰਘ ਜ਼ੀਰਾ ਨੂੰ ਮੀਤ-ਪ੍ਰਧਾਨ ਤੇ ਸੰਦੀਪ ਸਿੰਘ ਪੰਡੋਰੀ ਨੂੰ ਕਮੇਟੀ ਮੈਂਬਰ ਬਣਾਇਆ ਗਿਆ। ਇਸ ਮਗਰੋਂ ਨਵੀਂ ਚੁਣੀ ਟੀਮ ਵੱਲੋਂ ਪੇਸ਼ ਕੀਤੇ ਗਏ ਮਤੇ ਸੂਬਾ ਆਗੂ ਲਖਵੀਰ ਸਿੰਘ ਲੌਂਗੋਵਾਲ ਨੇ ਪੜ੍ਹ ਕੇ ਸੁਣਾਏ। ਸਟੇਜ ਸੰਚਾਲਕ ਦੀ ਭੂਮਿਕਾ ਲਖਵੀਰ ਸਿੰਘ ਲੌਂਗੋਵਾਲ ਨੇ ਨਿਭਾਈ। ਇਸ ਮੌਕੇ ਲੋਕ ਗਾਇਕ ਜੁਗਰਾਜ ਸਿੰਘ ਧੋਲਾ, ਮਨਜੀਤ ਬੰਟੀ ਲੌਂਗੋਵਾਲ ਤੇ ਪਿਆਰਾ ਚਾਹਿਲ ਨੇ ਇਨਕਲਾਬੀ ਗੀਤ ਪੇਸ਼ ਕੀਤੇ।