ਸ਼ਗਨ ਕਟਾਰੀਆ/ਮਨੋਜ ਸ਼ਰਮਾ
ਬਠਿੰਡਾ, 21 ਦਸੰਬਰ
ਕੌਮੀ ਸਿਹਤ ਮਿਸ਼ਨ (ਐੱਨਐਚਐੱਮ) ਕਾਮਿਆਂ ਨੇ ਅੱਜ ਆਪਣੀਆਂ ਨੌਕਰੀਆਂ ਪੱਕੀਆਂ ਕਰਨ ਦੀ ਮੰਗ ਮੰਨਵਾਉਣ ਲਈ ਬਠਿੰਡਾ ’ਚ ਸੂਬਾ ਪੱਧਰੀ ਰੈਲੀ ਕੀਤੀ। ਕਰਮਚਾਰੀਆਂ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਫ਼ਤਰ ਤਕ ਰੋਸ ਮਾਰਚ ਵੀ ਕੀਤਾ। ਇੱਥੇ ਪੁੱਜ ਕੇ ਉਨ੍ਹਾਂ ਮੰਗਾਂ ਲਿਖੇ ਗੈਸੀ ਗੁਬਾਰੇ ਅਸਮਾਨ ਵਿੱਚ ਉਡਾਏ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਐੱਨਆਰਐੱਚਐੱਮ ਐਂਪਲਾਈਜ਼ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਐੱਨਐੱਚਐੱਮ ਕੋਰ ਕਮੇਟੀ ਤੋਂ ਡਾ. ਇੰਦਰਜੀਤ ਸਿੰਘ ਰਾਣਾ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਅਤੇ ਮੌਜੂਦਾ ਸਰਕਾਰ ਨੇ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਲਾਰਾ ਲਾ ਕੇ ਮੁਲਾਜ਼ਮਾਂ ਦਾ ਵੋਟ ਬੈਂਕ ਖੋਹਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ 36 ਹਜ਼ਾਰ ਠੇਕਾ ਮੁਲਾਜ਼ਮਾਂ ਦੇ ਪੱਕੇ ਕਰਨ ਦੇ ਸਰਕਾਰੀ ਦਾਅਵੇ ਨੂੰ ਵੋਟਾਂ ਬਟੋਰਨ ਦਾ ਢੌਂਗ ਦੱਸਿਆ। ਐੱਨਐੱਚਐੱਮ ਆਗੂ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਮੌਜੂਦਾ ਵਿੱਤ ਮੰਤਰੀ ਦੇ ਕਾਰਜਕਾਲ ਦੌਰਾਨ ਸੂਬੇ ਦਾ ਕੋਈ ਵਿਕਾਸ ਨਹੀਂ ਹੋਇਆ ਅਤੇ ਇਸ ਦਾ ਖਮਿਆਜ਼ਾ ਠੇਕਾ ਕਰਮਚਾਰੀ ਭੁਗਤ ਰਹੇ ਹਨ। ਐੱਨਐੱਚਐੱਮ ਐਸੋਸੀਏਸ਼ਨ ਜ਼ਿਲ੍ਹਾ ਬਠਿੰਡਾ ਦੇ ਮੁਖੀ ਨਰਿੰਦਰ ਕੁਮਾਰ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ‘ਐਲਾਨ ਮੰਤਰੀ’ ਸਾਬਤ ਹੋਏ ਹਨ। ਉਨ੍ਹਾਂ ਜ਼ਮੀਨੀ ਪੱਧਰ ’ਤੇ ਮੁਲਾਜ਼ਮਾਂ ਲਈ ਕੁਝ ਨਹੀਂ ਕੀਤਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਉਨ੍ਹਾਂ ਨੂੰ ਰੈਗੂਲਰ ਨਾ ਕੀਤਾ ਤਾਂ ਉਹ ਘਰ-ਘਰ ਜਾ ਕੇ ਸਰਕਾਰ ਵਿਰੁੱਧ ਪ੍ਰਚਾਰ ਕਰਨਗੇ। ਪ੍ਰਦਰਸ਼ਨ ਵਿੱਚ ਸੁਖਜੀਤ ਸਿੰਘ ਕੰਬੋਜ, ਮਨਿੰਦਰ ਸਿੰਘ ਹਾਜ਼ਰ ਸਨ।