ਪੱਤਰ ਪ੍ਰੇਰਕ
ਐੱਸ.ਏ.ਐੱਸ. ਨਗਰ (ਮੁਹਾਲੀ), 26 ਅਗਸਤ
ਇੱਥੇ ਅੱਜ ਸਥਾਨਕ ਸਰਕਾਰਾਂ ਬਾਰੇ ਕੈਬਨਿਟ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਨੇ ‘ਮੇਰਾ ਸ਼ਹਿਰ-ਮੇਰਾ ਮਾਣ’ ਮੁਹਿੰਮ ਦੀ ਰਸਮੀ ਸ਼ੁਰੂਆਤ ਮੁਹਾਲੀ ਸ਼ਹਿਰ ਤੋਂ ਕੀਤੀ। ਇਸ ਸਬੰਧੀ ਇੱਥੋਂ ਦੇ ਫੇਜ਼-3ਬੀ2 ਸਥਿਤ ਡਾ. ਬੀ.ਆਰ. ਅੰਬੇਡਕਰ ਇੰਸਟੀਚਿਊਟ ’ਚ ਸਮਾਗਮ ਕਰਵਾਇਆ ਗਿਆ। ਮੰਤਰੀ ਨੇ ਇੱਥੇ ਇੱਕ ਬੂਟਾ ਲਗਾ ਕੇ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਲੋਕਾਂ ਨੂੰ ਆਪਣੇ ਜੀਵਨ ਵਿੱਚ ਵੱਧ ਤੋਂ ਵੱਧ ਬੂਟੇ ਲਾਉਣ ਅਤੇ ਰੁੱਖਾਂ ਦੀ ਸਾਂਭ-ਸੰਭਾਲ ਕਰਨ ਲਈ ਪ੍ਰੇਰਿਆ। ਇਸ ਮੌਕੇ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ, ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਤੋਂ ਇਲਾਵਾ ‘ਆਪ’ ਦੇ ਸੀਨੀਅਰ ਆਗੂ ਅਤੇ ਜ਼ਿਲ੍ਹੇ ਦੇ ਅਧਿਕਾਰੀ ਵੀ ਮੌਜੂਦ ਸਨ।
ਡਾ. ਇੰਦਰਬੀਰ ਨਿੱਝਰ ਨੇ ਸੀਵਰੇਜ ਵਿਵਸਥਾ ਤੇ ਸੜਕਾਂ ਦੀ ਸਫ਼ਾਈ ਦਾ ਨਿਰੀਖਣ ਕੀਤਾ ਅਤੇ ਰਿਹਾਇਸ਼ੀ ਖੇਤਰ ਦੀਆਂ ਪਾਰਕਾਂ ਦੀ ਸਫ਼ਾਈ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ‘ਮੇਰਾ ਸ਼ਹਿਰ-ਮੇਰਾ ਮਾਨ’ ਮੁਹਿੰਮ ਦੀ ਸ਼ੁਰੂਆਤ ਸ਼ਹਿਰਾਂ ਨੂੰ ਹਰਿਆ-ਭਰਿਆ ਬਣਾਉਣ ਲਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅੱਜ ਹੀ 13 ਹੋਰ ਨਗਰ ਨਿਗਮਾਂ ਅਤੇ ਕਲਾਸ-1 ਯੂਐੱਲਬੀਜ਼ ਵਿੱਚ ਵੀ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਮੁਹਿੰਮ ਨੂੰ ਸਫਲ ਬਣਾਉਣ ਵਿੱਚ ਸਮਾਜ ਦੀ ਭਾਗੀਦਾਰੀ ਜ਼ਰੂਰੀ ਹੈ ਕਿਉਂਕਿ ਸਮਾਜਦ ਦੀ ਭਾਗੀਦਾਰੀ ਤੋਂ ਬਿਨਾਂ ਕੋਈ ਮੁਹਿੰਮ ਸਫਲ ਨਹੀਂ ਹੋ ਸਕਦੀ। ਇਸ ਤੋਂ ਪਹਿਲਾਂ ਵਿਧਾਇਕ ਕੁਲਵੰਤ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ‘ਮੇਰਾ ਸ਼ਹਿਰ-ਮੇਰਾ ਮਾਣ’ ਮੁਹਿੰਮ ਵਿੱਚ ਮੁਹਾਲੀ ਪ੍ਰਸ਼ਾਸਨ ਅਤੇ ਸਰਕਾਰ ਦਾ ਸਾਥ ਦੇਣ।
ਕਲੋਨੀਆਂ ਕੱਟਣ ਲਈ ਸੀਐੱਲਯੂ ਲੈਣ ਦੀ ਪ੍ਰਕਿਰਿਆ ਹੋਵੇਗੀ ਆਨਲਾਈਨ: ਨਿੱਝਰ
ਰੂਪਨਗਰ (ਜਗਮੋਹਨ ਸਿੰਘ): ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਇੰਦਰਬੀਰ ਸਿੰਘ ਨਿੱਝਰ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਲਗਾਤਾਰ ਯਤਨਸ਼ੀਲ ਹੈ ਅਤੇ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ ਦਿਨ-ਰਾਤ ਕੰਮ ਕਰ ਰਹੀ ਹੈ। ਉਹ ਅੱਜ ਇੱਥੇ ਨਹਿਰੀ ਵਿਭਾਗ ਦੇ ਰੈਸਟ ਹਾਊਸ ਵਿੱਚ ਸ਼ਹਿਰ ਵਾਸੀਆਂ ਦੀਆਂ ਮੁਸ਼ਕਲਾਂ ਸੁਣਨ ਲਈ ਆਏ ਸਨ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਦੇ ਇਨ੍ਹਾਂ ਯਤਨਾਂ ਤਹਿਤ ਹੀ ਪੰਜਾਬ ਵਿੱਚ ਨਵੀਆਂ ਕਲੋਨੀਆਂ ਕੱਟਣ ਲਈ ਚੇਂਜ ਆਫ ਲੈਂਡ ਯੂਜ਼ (ਸੀਐੱਲਯੂ) ਲੈਣ ਦੀ ਪ੍ਰਕਿਰਿਆ ਆਨਲਾਈਨ ਕੀਤੀ ਜਾ ਰਹੀ ਹੈ। ਉਨ੍ਹਾਂ ਸ਼ਹਿਰ ਵਾਸੀਆਂ ਦੀ ਪੀਣ ਵਾਲੇ ਪਾਣੀ ਦੀ ਸਮੱਸਿਆ ਸਬੰਧੀ ਕਿਹਾ ਕਿ ਜਿੱਥੇ ਪੀਣ ਵਾਲੇ ਪਾਣੀ ਦੀ ਸਮੱਸਿਆ ਦੇ ਹੱਲ ਲਈ ਨਹਿਰੀ ਪਾਣੀ ਦੀ ਸਪਲਾਈ ਵਿੱਚ ਵਾਧਾ ਕੀਤਾ ਜਾਵੇਗਾ, ਉੱਥੇ ਹੀ ਬਰਸਾਤੀ ਪਾਣੀ ਕਾਰਨ ਆ ਰਹੀਆਂ ਦਿੱਕਤਾਂ ਦੂਰ ਕਰਨ ਦੇ ਯਤਨ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਜਲਦੀ ਹੀ ਨਵਾਂ ਨਿਕਾਸੀ ਪ੍ਰਾਜੈਕਟ ਸ਼ਹਿਰ ਨੂੰ ਦਿੱਤਾ ਜਾਵੇਗਾ। ਨਾਜਾਇਜ਼ ਕਲੋਨੀਆਂ ਦੇ ਨਕਸ਼ੇ ਪਾਸ ਕਰਨ ’ਤੇ ਰੋਕ ਲਗਾਈ ਗਈ ਹੈ, ਜਦੋਂ ਕਿ ਮਨਜ਼ੂਰਸ਼ੁਦਾ ਕਲੋਨੀਆਂ ਲਈ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਹੈ।