ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 7 ਜਨਵਰੀ
ਮੁੱਖ ਸਕੱਤਰ ਵਿਨੀ ਮਹਾਜਨ ਨੇ ਕਿਹਾ ਕਿ ਪੰਜਾਬ ਹੁਣ ਤਕ ਬਰਡ ਫਲੂ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਹੈ ਪਰ ਗੁਆਂਢੀ ਸੂਬਿਆਂ ਵਿੱਚ ਬਰਡ ਫਲੂ ਦੇ ਕੁਝ ਮਾਮਲਿਆਂ ਦੇ ਮੱਦੇਨਜ਼ਰ ਸਰਕਾਰ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ। ਉਨ੍ਹਾਂ ਨੇ ਅੱਜ ਮੁੱਖ ਸਕੱਤਰ ਦਫ਼ਤਰ ਵਿੱਚ ਦਸ ਸਬੰਧਤ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ’ਚ ਵਿਭਾਗਾਂ ਨੂੰ ਹਦਾਇਤਾਂ ਜਾਰੀ ਕਰਦਿਆਂ ਸੂਬੇ ਵਿੱਚ ਬਰਡ ਫਲੂ ਦੇ ਫੈਲਾਅ ਨੂੰ ਰੋਕਣ ਲਈ ਸਾਵਧਾਨੀਆਂ ਵਰਤਣ ਸਬੰਧੀ ਨਿਰਦੇਸ਼ ਜਾਰੀ ਕੀਤੇ।
ਵਿਨੀ ਮਹਾਜਨ ਨੇ ਕਿਹਾ ਕਿ ਬਰਡ ਫਲੂ ਦੇ ਫੈਲਾਅ ਨੂੰ ਰੋਕਣ ਅਤੇ ਸ਼ੱਕੀ ਮਾਮਲਿਆਂ ਦੀ ਲੈਬ ਟੈਸਟਿੰਗ ਲਈ ਲੋੜੀਂਦੀ ਵਿਉਂਤਬੰਦੀ ਅਤੇ ਫੰਡ ਉਪਲੱਬਧ ਹਨ। ਉਨ੍ਹਾਂ ਪਸ਼ੂ ਪਾਲਣ ਵਿਭਾਗ ਨੂੰ ਐੱਨਆਰਡੀਡੀਐਲ, ਜਲੰਧਰ ਤੋਂ ਕੋਵਿਡ ਟੈਸਟਿੰਗ ਬੰਦ ਕਰ ਕੇ ਸਿਰਫ਼ ਪੰਛੀਆਂ ਦੇ ਨਮੂਨਿਆਂ ਦੀ ਜਾਂਚ ਲਈ ਇਸ ਦੀ ਵਰਤੋਂ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਸਾਰੇ ਸਬੰਧਤ ਵਿਭਾਗਾਂ ਨੂੰ ਸਥਿਤੀ ਨਾਲ ਨਜਿੱਠਣ ਲਈ ਤਾਲਮੇਲ ਨਾਲ ਕੰਮ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ।
ਪੌਂਗ ਡੈਮ ਜਲਗਾਹ ’ਚ 381 ਪਰਵਾਸੀ ਪੰਛੀ ਮਰੇ
ਤਲਵਾੜਾ (ਪੱਤਰ ਪ੍ਰੇਰਕ): ਇੱਥੇ ਪੌਂਗ ਡੈਮ ਜਲਗਾਹ ’ਚ ਅੱਜ 381 ਪਰਵਾਸੀ ਪੰਛੀ ਮਰੇ ਮਿਲੇ। ਹਿਮਾਚਲ ਪ੍ਰਦੇਸ਼ ਦੇ ਚੀਫ਼ ਵਾਈਲਡ ਲਾਈਫ਼ ਵਾਰਡਨ ਨੇ ਦੱਸਿਆ ਕਿ ਪੌਂਗ ਡੈਮ ਜਲਗਾਹ ਅਧੀਨ ਆਉਂਦੀਆਂ 9 ਵਣ ਰੇਂਜ ਬੀਟਾਂ ’ਚ 10 ਰੈਪਿਡ ਰਿਸਪੌਂਸ ਟੀਮਾਂ ਮਰੇ ਹੋਏ ਪੰਛੀਆਂ ਦੇ ਸੁਰੱਖਿਅਤ ਨਿਪਟਾਰੇ ਲਈ ਕੰਮ ਕਰ ਰਹੀਆਂ ਹਨ। ਇਸ ਲਈ ਵਣ ਰੇਂਜ ਬੀਟ ਨਗਰੋਟਾ ਸੂਰੀਆਂ ’ਚ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ। ਇਸ ਮੌਕੇ ਅਧਿਕਾਰੀਆਂ ਵੱਲੋਂ ਜਾਇਜ਼ਾ ਲਿਆ ਗਿਆ। ਇਹ ਕਾਰਵਾਈ ਡੀਐਫ਼ਓ ਜੰਗਲੀ ਜੀਵ ਹਮੀਰਪੁਰ ਦੀ ਨਿਗਰਾਨੀ ਹੇਠ ਕੀਤੀ ਜਾ ਰਹੀ ਹੈ। ਡੀਐਫ਼ਓ ਜੰਗਲੀ ਜੀਵ ਰਾਹੁਲ ਐਮ ਰਹਾਣੇ ਨੇ ਦੱਸਿਆ ਕਿ ਅੱਜ ਪੌਂਗ ਡੈਮ ਜਲਗਾਹ ਤੋਂ ਵੱਖ-ਵੱਖ ਪ੍ਰਜਾਤੀਆਂ ਦੇ 381 ਪਰਵਾਸੀ ਪੰਛੀ ਮਰੇ ਮਿਲੇ।