ਸ਼ਸ਼ੀਪਾਲ ਜੈਨ/ਮਿਹਰ ਸਿੰਘ
ਖਰੜ/ਕੁਰਾਲੀ, 19 ਨਵੰਬਰ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਹੌੜਾਂ ਵਿੱਚ 350 ਬਿਸਤਰਿਆਂ ਦੇ ਸੁਪਰ ਸਪੈਸ਼ਲਿਟੀ ਹਸਪਤਾਲ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਸਿਹਤ ਸਹੂਲਤਾਂ ਨੂੰ ਬਿਹਤਰ ਬਣਾਉਣ ਲਈ ਵਚਨਬੱਧ ਹੈ ਅਤੇ ਸਰਕਾਰ ਇਹ ਯਕੀਨੀ ਬਣਾਉਣ ਲਈ ਉਤਸੁਕ ਹੈ ਕਿ ਆਮ ਲੋਕਾਂ ਨੂੰ ਮਿਆਰੀ ਡਾਕਟਰੀ ਇਲਾਜ ਉਪਲਬਧ ਕਰਵਾਇਆ ਜਾਵੇ।
ਹਸਪਤਾਲ ਦਾ ਰਸਮੀ ਉਦਘਾਟਨ ਕਰਨ ਤੋਂ ਬਾਅਦ ਬੋਲਦਿਆਂ ਮੁੱਖ ਮੰਤਰੀ ਨੇ ਸੁਪਰ ਸਪੈਸ਼ਲਿਟੀ ਹਸਪਤਾਲ ਦੀ ਸਥਾਪਨਾ ਵਿੱਚ ਰਿਆਤ ਬਾਹਰਾ ਗਰੁੱਪ ਦੀ ਪਹਿਲਕਦਮੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਸੁਪਰ ਸਪੈਸ਼ਲਿਟੀ ਹਸਪਤਾਲ ਇਸ ਇਲਾਕੇ ਦੇ ਲੋਕਾਂ ਲਈ ਵਰਦਾਨ ਸਾਬਤ ਹੋਵੇਗਾ, ਜਿਨ੍ਹਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਹੀ ਵਧੀਆ ਸਿਹਤ ਸਹੂਲਤਾਂ ਮਿਲਣਗੀਆਂ। ਉਨ੍ਹਾਂ ਕਿਹਾ ਕਿ ਇਸ ਹਸਪਤਾਲ ਨਾਲ ਇਲਾਕੇ ਦੇ ਲੋਕਾਂ ਨੂੰ ਫਾਇਦਾ ਹੋਵੇਗਾ ਅਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਨੂੰ ਵਿਸ਼ੇਸ਼ ਸਿਹਤ ਸਹੂਲਤਾਂ ਲਈ ਹੁਣ ਹੋਰ ਥਾਵਾਂ ’ਤੇ ਜਾਣ ਦੀ ਲੋੜ ਨਹੀਂ ਪਵੇਗੀ। ਉਨ੍ਹਾਂ ਕਿਹਾ ਕਿ ਇਲਾਕੇ ਲਈ ਇਹ ਹਸਪਤਾਲ ਪੀਜੀਆਈ ਦੇ ਬਦਲ ਬਣ ਕੇ ਉੱਭਰੇਗਾ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਵਿਸ਼ਵ ਪੱਧਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ ਅਤੇ ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਕਈ ਉਪਰਾਲੇ ਕੀਤੇ ਗਏ ਹਨ।
ਇਸ ਦੌਰਾਨ ਰਿਆਤ ਬਾਹਰਾ ਗਰੁੱਪ ਦੇ ਚੇਅਰਮੈਨ ਅਤੇ ਹਸਪਤਾਲ ਦੇ ਪ੍ਰਮੋਟਰ ਗੁਰਵਿੰਦਰ ਸਿੰਘ ਬਾਹਰਾ ਨੇ ਦੱਸਿਆ ਕਿ ਇਸ ਵਧੀਆ ਹਸਪਤਾਲ ਵਿੱਚ ਹਰ ਤਰ੍ਹਾਂ ਦੀ ਸਿਹਤ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਕੌਮੀ ਮਾਰਗ ’ਤੇ ਹੋਣ ਕਾਰਨ ਲੋਕਾਂ ਨੂੰ ਟਰੌਮਾਂ ਸੈਂਟਰ ਜਿਹੀਆਂ ਸਹੂਲਤਾਂ ਵੀ ਹਸਪਤਾਲ ਵਿੰਚ 24 ਘੰਟੇ ਮੁਹੱਈਆ ਕਰਵਾਈਆਂ ਜਾਣਗੀਆਂ।
ਉਨ੍ਹਾਂ ਕਿਹਾ ਕਿ ਇਹ ਹਸਪਤਾਲ ਮੁੱਖ ਮਾਰਗ ’ਤੇ ਸਥਾਪਤ ਕੀਤਾ ਗਿਆ ਹੈ, ਜਿਸ ਦਾ ਨਿਰਮਾਣ ਖੇਤਰ 2,50,000 ਵਰਗ ਫੁੱਟ 12 ਏਕੜ ਜ਼ਮੀਨ ’ਤੇ ਹੈ। ਹਸਪਤਾਲ ਵਿੱਚ ਰੇਡੀਓਲੋਜੀ, ਪੈਥੋਲੋਜੀ, ਫਾਰਮੇਸੀ, ਐਂਬੂਲੈਂਸ ਅਤੇ ਕੈਫੇਟੇਰੀਆ ਲਈ 24 ਘੰਟੇ ਸੇਵਾਵਾਂ ਹੋਣਗੀਆਂ। ਇੱਕ ਬਲੱਡ ਬੈਂਕ ਵੀ ਪਹਿਲੇ ਪੜਾਅ ਵਿੱਚ ਹੀ ਕੰਮ ਕਰਨਾ ਸ਼ੁਰੂ ਕਰ ਦੇਵੇਗਾ।
ਸਮੇਂ ਤੋਂ ਪਹਿਲਾਂ ਪੁੱਜੇ ਮੁੱਖ ਮੰਤਰੀ
ਸਮਾਗਮ ਵਿੱਚ ਦਾਖਲੇ ਲਈ ਪਤਵੰਤੇ ਹੁੰਦੇ ਰਹੇ ਪ੍ਰੇਸ਼ਾਨ ਸਮਾਗਮ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਿੱਤੇ ਸਮੇਂ ਤੋਂ 15 ਮਿੰਟ ਪਹਿਲਾਂ ਪੁੱਜਣ ਕਾਰਨ ਪ੍ਰਬੰਧਕਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਜਿਵੇਂ ਹੀ ਮੁੱਖ ਮੰਤਰੀ ਸ੍ਰੀ ਚੰਨੀ ਸਮਾਗਮ ਵਿੱਚ ਪੁੱਜੇ ਤਾਂ ਪ੍ਰੋਗਰਾਮ ਵਾਲੇ ਸਥਾਨ ਤੱਕ ਜਾਣ ਵਾਲੇ ਰਸਤੇ ਬੰਦ ਕਰ ਦਿੱਤੇ ਗਏ, ਜਿਸ ਕਾਰਨ ਕਈ ਪੰਚਾਇਤਾਂ ਅਤੇ ਪਤਵੰਤਿਆਂ ਨੂੰ ਨਿਰਾਸ਼ ਹੋ ਕੇ ਪਰਤਣਾ ਪਿਆ।