ਮਹਿੰਦਰ ਸਿੰਘ ਰੱਤੀਆਂ
ਮੋਗਾ, 17 ਨਵੰਬਰ
ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਅੱਜ ਇੱਥੇ ‘ਸਾਡਾ ਪਾਣੀ ਸਾਡਾ ਹੱਕ’ ਪੰਜਾਬ ਅਧਿਕਾਰ ਯਾਤਰਾ ਦੌਰਾਨ ਸੰਬੋਧਨ ਕਰਦਿਆਂ ਸਰਕਾਰ ਕੋਲੋਂ ਪੁੱਛਿਆ ਕਿ ਜੇ ਪੰਜਾਬੀ ਰਾਜਸਥਾਨ ’ਚੋਂ ਪੱਥਰ ਖਰੀਦਣ ਲਈ ਮਹਿੰਗਾ ਮੁੱਲ ਤਾਰਦੇ ਹਨ ਤਾਂ ਪੰਜਾਬ ਸਰਕਾਰ ਰਾਜਸਥਾਨ ਤੋਂ ਪਾਣੀ ਦੀ ਕੀਮਤ ਕਿਉਂ ਨਹੀਂ ਲੈਂਦੀ।
ਬੀਤੇ ਦਿਨ ਹਰੀਕੇ ਹੈੱਡ ਤੋਂ ਸ਼ੁਰੂ ਹੋਇਆ ਇਹ ਕਾਫਲਾ ਬੀਤੀ ਰਾਤ ਇੱਥੇ ਰੁਕਿਆ। ਕਾਫ਼ਲੇ ਵਿੱਚ ਵੱਡੀ ਗਿਣਤੀ ’ਚ ਕਾਰਾ, ਜੀਪਾਂ, ਮੋਟਰਸਾਈਕਲ ਅਤੇ ਹੋਰ ਵਾਹਨ ਸ਼ਾਮਲ ਸਨ। ਇਸ ਯਾਤਰਾ ਦਾ ਥਾਂ-ਥਾਂ ਸਵਾਗਤ ਕੀਤਾ ਗਿਆ। ਇਸ ਦੌਰਾਨ ਬੈਂਸ ਨੇ ਆਖਿਆ ਕਿ ਹਰਿਆਣਾ ਵੱਲੋਂ ਦਿੱਲੀ ਕੋਲੋਂ ਪਾਣੀ ਦਾ ਮੁੱਲ ਲਿਆ ਜਾ ਰਿਹਾ ਹੈ। ਇਸੇ ਤਰ੍ਹਾਂ ਰਾਜਸਥਾਨ ਵੱਲੋਂ ਪੱਥਰ, ਝਾਰਖੰਡ ਵੱਲੋਂ ਕੋਲੇ ਅਤੇ ਮੱਧ ਪ੍ਰਦੇਸ਼ ਵੱਲੋਂ ਸਾਗਵਾਨ ਲੱਕੜ ਦੀ ਕੀਮਤ ਲਈ ਜਾ ਰਹੀ ਹੈ ਤਾਂ ਪੰਜਾਬ ਆਪਣੇ ਪਾਣੀ ਦੇ ਪੈਸੇ ਕਿਉਂ ਨਹੀਂ ਲੈ ਸਕਦਾ। ਇਸੇ ਸਬੰਧੀ ਜਾਗਰੂਕ ਕਰਨ ਲਈ ਉਨ੍ਹਾਂ ਵੱਲੋਂ ਯਾਤਰਾ ਕੀਤੀ ਜਾ ਰਹੀ ਹੈ। ਬੈਂਸ ਨੇ ਕਿਹਾ ਕਿ 21 ਲੱਖ ਲੋਕਾਂ ਦੇ ਦਸਤਖ਼ਤ ਕਰਵਾ ਕੇ ਪਾਣੀ ਨੂੰ ਬਚਾਉਣ ਅਤੇ ਸੁੱਤੀ ਹੋਈ ਸੂਬਾ ਸਰਕਾਰ ਨੂੰ ਜਗਾਉਣ ਲਈ ਯਾਤਰਾ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮੰਗ ਹੈ ਕਿ ਪੰਜਾਬ ਦੇ ਪਾਣੀ ਦੀ ਕੀਮਤ ਲਉ, ਨਹੀਂ ਤਾਂ ਪਾਣੀ ਦੇਣਾ ਬੰਦ ਕਰੋ। ਰਾਜਸਥਾਨ ਨੂੰ ਕਿਸੇ ਵੀ ਕੀਮਤ ’ਤੇ ਪਾਣੀ ਮੁਫਤ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਸਰਹੱਦਾਂ ਦੀ ਰਾਖੀ ਲਈ ਵੱਧ-ਚੜ੍ਹ ਕੇ ਜਾਨਾਂ ਵਾਰੀਆਂ ਅਤੇ ਭੁੱਖੇ ਮਰਦੇ ਦੇਸ਼ ਦਾ ਢਿੱਡ ਭਰਿਆ ਪਰ ਇਸ ਦੇ ਇਨਾਮ ’ਚ ਕਰਜ਼ਾ ਤੇ ਬੇਰੁਜ਼ਗਾਰੀ ਮਿਲੇ।
ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਨਹਿਰਾਂ, ਕੱਸੀਆਂ ਤੇ ਸੂਏ ਭਾਵੇਂ ਦਰਿਆਈ ਪਾਣੀਆਂ ਨੂੰ ਤਰਸਦੇ ਰਹਿਣ, ਧਰਤੀ ਹੇਠਲਾ ਪਾਣੀ ਭਾਵੇਂ ਡੂੰਘਾ ਚਲਾ ਜਾਵੇ ਪਰ ਕੇਂਦਰ ਦੀ ਨੀਤੀ ਹੈ ਕਿ ਪੰਜਾਬ ਨੂੰ ਦਰਿਆਈ ਪਾਣੀ ਰਾਜਸਥਾਨ ਨੂੰ ਦੇਣਾ ਹੀ ਪਵੇਗਾ, ਜਿਸ ਦਾ ਉਹ ਵਿਰੋਧ ਕਰਦੇ ਹਨ। ਉਨ੍ਹਾਂ ਕਿਹਾ ਕਿ ਕਦੇ ਕਿਸੇ ਨੇ ਇਹ ਨਹੀਂ ਕਿਹਾ ਕਿ ਜਮੁਨਾ ਦਾ ਕੁਝ ਪਾਣੀ ਦੇਸ਼ ਲਈ ਮਰ ਮਿਟਣ ਵਾਲੇ ਪੰਜਾਬ ਨੂੰ ਵੀ ਦੇ ਦਿੱਤਾ ਜਾਵੇ। ਪੰਜਾਬ ਵਿਚ ਕੋਈ ਵੱਡੀ ਸਨਅਤ ਨਹੀਂ ਲਿਆਂਦੀ ਗਈ ਸਗੋਂ ਜੋ ਮਾੜੀ ਮੋਟੀ ਸਨਅਤ ਸੀ, ਉਹ ਗੁਆਂਢੀ ਸੂਬਿਆਂ ’ਚ ਰਿਆਇਤਾਂ ਕਾਰਨ ਸੂਬੇ ਤੋਂ ਚਲੀ ਗਈ ਹੈ।
ਇਸ ਮੌਕੇ ਪਾਰਟੀ ਆਗੂ ਜਸਵਿੰਦਰ ਸਿੰਘ ਕਾਕਾ ਬਰਾੜ, ਜ਼ਿਲ੍ਹਾ ਪ੍ਰਧਾਨ ਜਗਮੋਹਨ ਸਿੰਘ ਸਮਾਧ ਭਾਈ ਤੇ ਹੋਰ ਕਾਰਕੁਨ ਹਾਜ਼ਰ ਸਨ।