ਗੁਰਦੀਪ ਸਿੰਘ ਲਾਲੀ/ਜਸਵੰਤ ਸਿੰਘ ਗਰੇਵਾਲ
ਜਖੇਪਲ (ਸੰਗਰੂਰ), 25 ਸਤੰਬਰ
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐੱਮ.ਪੀ.ਆਈ.) ਦੀ ਸੂਬਾ ਪੱਧਰੀ ਤਿੰਨ ਰੋਜ਼ਾ ਜਥੇਬੰਦਕ ਕਾਨਫਰੰਸ ਸੰਜੋਗ ਪੈਲੇਸ ਜਖੇਪਲ ਵਿੱਚ ਸ਼ੁਰੂ ਹੋ ਗਈ ਹੈ। ਸ਼ਹੀਦ ਊਧਮ ਸਿੰਘ ਨਗਰ, ਗਦਰੀ ਬੀਬੀ ਗੁਲਾਬ ਕੌਰ ਹਾਲ ਅਤੇ ਕਾਮਰੇਡ ਸਤਵੰਤ ਸਿੰਘ ਨੂੰ ਸਮਰਪਿਤ ਕਾਨਫਰੰਸ ਦੀ ਸ਼ੁਰੂਆਤ ਸੂਬਾ ਸਕੱਤਰੇਤ ਮੈਂਬਰ ਭੀਮ ਸਿੰਘ ਆਲਮਪੁਰ ਨੇ ਕੀਤੀ ਅਤੇ ਸੰਗਰਾਮਾਂ ਲਈ ਜਿੰਦ ਜਾਨ ਕੁਰਬਾਨ ਕਰਨ ਦੀ ਪ੍ਰੇਰਨਾ ਦਿੰਦਾ ਸੂਹਾ ਝੰਡਾ ਲਹਿਰਾਇਆ ਗਿਆ। ਕਾਨਫਰੰਸ ਦੀ ਸ਼ੁਰੂਆਤ ’ਚ ਵਿਛੜੇ ਸਾਥੀਆਂ ਤੇ ਕਿਸਾਨ ਮੋਰਚੇ ਦੇ ਸ਼ਹੀਦਾਂ ਸਣੇ ਹੋਰਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਸੂਬਾਈ ਕਾਨਫਰੰਸ ਦਾ ਉਦਘਾਟਨ ਕਰਦਿਆਂ ਪਾਰਟੀ ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਆਰਐੱਸਐੱਸ ਦੇ ਭਾਰਤ ਨੂੰ ਧਰਮ ਆਧਾਰਤ ਕੱਟੜ ਹਿੰਦੂ ਰਾਸ਼ਟਰ ਬਣਾਉਣ ਦੇ ਏਜੰਡੇ ਨੂੰ ਭਾਂਜ ਦੇਣਾ ਦੇਸ਼ ਦੀਆਂ ਖੱਬੀਆਂ ਅਤੇ ਪ੍ਰਗਤੀਸ਼ੀਲ ਧਿਰਾਂ ਦਾ ਪਹਿਲਾ ਏਜੰਡਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਮਿਹਨਤੀ ਲੋਕਾਂ ਦਾ ਖੂਨ ਨਿਚੋੜ ਰਹੀਆਂ ਮੋਦੀ ਸਰਕਾਰ ਦੀਆਂ ਸਾਮਰਾਜੀ ਤੇ ਕਾਰਪੋਰੇਟ ਪੱਖੀ ਨੀਤੀਆਂ ਨੂੰ ਰੱਦ ਕਰਾਉਣ ਲਈ ਦੇਸ਼ ਵਿਆਪੀ ਸਾਂਝੇ ਸੰਘਰਸ਼ ਵਿੱਢਣੇ ਚਾਹੀਦੇ ਹਨ। ਜਨਰਲ ਸਕੱਤਰ ਨੇ ਕਿਹਾ ਕਿ ਉਕਤ ਸੰਘਰਸ਼ ਹੀ 2024 ਦੀਆਂ ਲੋਕ ਸਭਾ ਚੋਣਾਂ ‘ਚ ਮੋਦੀ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਨ ਦਾ ਮੁੱਢ ਬੰਨ੍ਹ ਸਕਦੇ ਹਨ। ਕਾਮਰੇਡ ਪਾਸਲਾ ਨੇ ਕਿਹਾ ਕਿ ਦੇਸ਼ ’ਚ ਘੱਟ ਗਿਣਤੀਆਂ, ਇਸਤਰੀਆਂ ਤੇ ਆਦਿਵਾਸੀਆਂ ‘ਤੇ ਕੀਤੇ ਜਾ ਰਹੇ ਹਮਲਿਆਂ ਦਾ ਡਟਵਾਂ ਮੁਕਾਬਲਾ ਸਮੇਂ ਦੀ ਮੁੱਖ ਲੋੜ ਹੈ। ਪਾਰਟੀ ਦੇ ਸੂਬਾ ਕਾਰਜਕਾਰੀ ਸਕੱਤਰ ਪਰਗਟ ਸਿੰਘ ਜਾਮਾਰਾਏ ਨੇ ਕਿਹਾ ਕਿ ਬਦਲਾਅ ਦੇ ਨਾਅਰਿਆਂ ਰਾਹੀਂ ਸੂਬਾਈ ਸੱਤਾ ‘ਤੇ ਕਾਬਜ਼ ਹੋਈ ਮਾਨ ਸਰਕਾਰ ਦੀਆਂ ਨੀਤੀਆਂ ਅਤੇ ਪ੍ਰਸ਼ਾਸਨਿਕ ਪਹੁੰਚ ਦਾ ਪਿਛਲੀਆਂ ਸਰਕਾਰਾਂ ਨਾਲੋਂ ਉੱਕਾ ਹੀ ਫਰਕ ਨਹੀਂ ਹੈ।
ਸੂਬਾਈ ਪ੍ਰਧਾਨ ਰਤਨ ਸਿੰਘ ਰੰਧਾਵਾ ਨੇ ਕਿਹਾ ਕਿ ਆਰ.ਐਮ.ਪੀ.ਆਈ. ਲੋਕ ਲਹਿਰਾਂ ਤੋਂ ਪ੍ਰੇਰਣਾ ਲੈਂਦੀ ਹੋਈ ਸਮਾਜਿਕ ਤਬਦੀਲੀ ਦੇ ਸੰਗਰਾਮ ਨੂੰ ਅਗਾਂਹ ਤੋਰਨ ਲਈ ਵਚਨਬੱਧ ਹੈ। ਇਸ ਦੌਰਾਨ ਕੁਲਵੰਤ ਸਿੰਘ ਸੰਧੂ, ਮਹੀਪਾਲ, ਸਤਨਾਮ ਸਿੰਘ ਅਜਨਾਲਾ, ਵੇਦ, ਪ੍ਰੋ ਜੈਪਾਲ ਸਿੰਘ ਤੇ ਨੱਥਾ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਪ੍ਰਧਾਨਗੀ ਮੰਡਲ ’ਚ ਗੁਰਨਾਮ ਸਿੰਘ ਦਾਊਦ, ਸੁਰਿੰਦਰ ਪਾਲ ਕੌਰ ਜੈਪਾਲ ਅਤੇ ਮੋਹਨ ਸਿੰਘ ਧਮਾਣਾ ਸ਼ਾਮਲ ਸਨ।