ਮਹਿੰਦਰ ਸਿੰਘ ਰੱਤੀਆਂ
ਮੋਗਾ, 3 ਨਵੰਬਰ
ਪੰਜਾਬ ਪੁਲੀਸ ’ਚ ਛੋਟੇ ਥਾਣੇਦਾਰਾਂ ਦੀਆਂ ਪੱਕੀਆਂ ਤਰੱਕੀਆਂ ਦਾ ਮਾਮਲਾ ਲੰਬੇ ਸਮੇਂ ਤੋਂ ਲਟਕ ਰਿਹਾ ਹੈ। 31 ਅਕਤੂਬਰ ਨੂੰ ਵੱਡੀ ਗਿਣਤੀ ’ਚ ਤਰੱਕੀਆਂ ਤੋਂ ਵਾਂਝੇ ਹੀ ਇਹ ਮੁਲਾਜ਼ਮ ਸੇਵਾਮੁਕਤ ਹੋ ਗਏ। ਪੰਜਾਬ ਪੁਲੀਸ ’ਚ ਯਕੀਨਨ ਸੇਵਾ ਤਰੱਕੀ (ਐਸ਼ੋਓਰਡ ਕਰੀਅਰ ਪ੍ਰੋਗਰੈਸ਼ਨ) ਤਹਿਤ ਵਿਭਾਗ ਨੇ ਬਿਨ੍ਹਾਂ ਤਨਖਾਹ ਵਾਧੇ ਤੋਂ ਰਿਓੜੀਆ ਵਾਂਗ ਤਰੱਕੀਆਂ ਵੰਡ ਦਿੱਤੀਆਂ ਪਰ ਛੋਟੇ ਥਾਣੇਦਾਰਾਂ ਦੀਆਂਂ ਪੱਕੀਆਂ ਤਰੱਕੀਆਂ ਊਠ ਦੇ ਬੁੱਲ ਵਾਂਗ ਲਟਕੀ ਗਈਆਂ ਹਨ। ਬਿਨ੍ਹਾਂ ਤਨਖਾਹ ਵਾਧੇ ਤੋਂ ਬਣੇ ਥਾਣੇਦਾਰਾਂ ਨੂੰ ਵਰਦੀ ਦਾ ਸਰੂਰ ਤਾਂ ਹੁੰਦਾ ਹੈ ਪਰ ਬਹੁਤੇ ਹਾਲੇ ਵੀ ਡਿਊਟੀ ਸਿਪਾਹੀ ਵਾਲੀ ਹੀ ਕਰ ਰਹੇ ਹਨ। ਪੁਲੀਸ ਅਕੈਡਮੀ ਫਿਲੌਰ ਵਿੱਚ 1200 ਮੁਲਾਜ਼ਮਾਂ ਦਾ ਕੋਰਸ ਬੀਤੀ 1 ਫਰਵਰੀ ਨੂੰ ਸ਼ੁਰੂ ਹੋਇਆ ਤੇ ਤਕਰੀਬਨ 45 ਦਿਨ ਬਾਅਦ ਕੋਵਿਡ ਮਹਾਂਮਾਰੀ ਲੌਕਡਾਊਨ ਕਾਰਨ 19 ਮਾਰਚ ਨੂੰ ਜ਼ਿਲ੍ਹਿਆਂ ਵਿੱਚ ਲਾਅ ਐਂਡ ਆਰਡਰ ਡਿਊਟੀ ’ਤੇ ਭੇਜਣ ਕਾਰਨ ਉਨ੍ਹਾਂ ਦਾ ਕੋਰਸ ਲਟਕ ਗਿਆ। ਕਈ ਮਹੀਨੇ ਮਗਰੋਂ ਔਨਲਾਈਨ ਕੋਰਸ ਹੋਇਆ ਤੇ ਨਤੀਜਾ ਆਉਣ ਬਾਅਦ ਵੀ ਵਿਭਾਗ ਨੇ ਉਨ੍ਹਾਂ ਦੀ ਤਰੱਕੀ ਨਹੀਂ ਕੀਤੀ। ਤਰੱਕੀ ਦੇ ਹੁਕਮਾਂ ਦੀ ਬੇਸਬਰੀ ਨਾਲ ਉਡੀਕ ਕਰਦੇ ਵੱਡੀ ਗਿਣਤੀ ’ਚ ਮੁਲਾਜਮ 31 ਅਕਤੂਬਰ ਨੂੰ ਸੇਵਾਮੁਕਤ ਹੋ ਗਏ ਅਤੇ ਕਈ ਮੁਲਾਜ਼ਮ ਅਗਲੇ ਮਹੀਨਿਆਂ ਵਿੱਚ ਸੇਵਾਮੁਕਤ ਹੋ ਜਾਣਗੇ। ਬਿਨ੍ਹਾਂ ਤਨਖਾਹ ਵਾਧੇ ਤੋਂ ਬਣੇ ਥਾਣੇਦਾਰ ਥਾਣਿਆਂ ’ਚ ਮੁੱਖ ਮੁਨਸ਼ੀ, ਅਦਾਲਤਾਂ ’ਚ ਨਾਇਬ ਕੋਰਟ ਤੇ ਸਿਆਸੀ ਆਗੂਆਂ ਦੇ ਗੰਨਮੈਨ ਤਾਇਨਾਤ ਹੋ ਕੇ ਉਨ੍ਹਾਂ ਦਾ ਬਰੀਫ਼ਕੇਸ ਚੁੱਕਣ ਜਾਂ ਡਰਾਈਵਰੀ ਕਰ ਰਹੇ ਹਨ।
ਦੂਜੇ ਪਾਸੇ ਸਿੱਧੇ ਭਰਤੀ ਸਬ-ਇੰਸਪੈਕਟਰ, ਇੰਸਪੈਕਟਰ, ਡੀਐੱਸਪੀ ਇੱਕ ਵਾਰ ਬੇਸਿਕ ਸਿਖਲਾਈ ਲੈਂਦੇ ਹਨ ਤਾਂ ਉਨ੍ਹਾਂ ਹੋਰ ਕੋਈ ਤਰੱਕੀ ਕੋਰਸ ਨਹੀਂ ਕਰਨਾ ਪੈਂਦੇ ਉਨ੍ਹਾਂ ਦੀ ਤਰੱਕੀ ਸੀਨੀਆਰਤਾ ਮੁਤਾਬਕ ਹੁੰਦੀ ਰਹਿੰਦੀ ਹੈ ਪਰ ਸਿਪਾਹੀ ਤੋਂ ਪਦ ਉੱਨਤ ਮੁਲਾਜ਼ਮ ਤਜ਼ਰਬੇਕਾਰ, ਸੀਨੀਅਰ ਅਤੇ ਕੋਰਸ ਪਾਸ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਤਰੱਕੀ ਕੋਰਸ ਕਰਨਾ ਪੈਂਦਾ ਹੈ।