ਸ਼ਗਨ ਕਟਾਰੀਆ/ਮਨੋਜ ਸ਼ਰਮਾ
ਬਠਿੰਡਾ, 27 ਦਸੰਬਰ
ਕਿਸਾਨ ਅੰਦੋਲਨ ਦੇ ਸ਼ਹੀਦਾਂ ਨੂੰ ਸਮਰਪਿਤ ਚਾਰ ਰੋਜ਼ਾ ਚੌਥੇ ਪੀਪਲਜ਼ ਲਿਟਰੇਰੀ ਫੈਸਟੀਵਲ ਦੇ ਤੀਜੇ ਦਿਨ ਦੇ ਪਹਿਲੇ ਸੈਸ਼ਨ ‘ਦਰਦ ਵਿਛੋੜੇ ਦਾ ਹਾਲ, ਪੰਜਾਬ ਵੰਡ ਦੀ ਗਾਥਾ’ ਵਿੱਚ ਪ੍ਰਸਿੱਧ ਅੰਗਰੇਜ਼ੀ ਲੇਖਕ ਡਾ. ਅਨਿਰੁੱਧ ਕਾਲਾ ਨੇ ਕਿਹਾ ਕਿ ਸੰਤਾਲੀ ਦੀ ਵਹਿਸ਼ਤ ਦੇ ਦਾਗ ਪੰਜਾਬੀ ਸੱਭਿਆਚਾਰ ’ਤੇ ਅਜਿਹਾ ਧੱਬਾ ਹਨ, ਜਿਸ ਤੋਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸ਼ਰਮਸ਼ਾਰ ਹੁੰਦੀਆਂ ਰਹਿਣਗੀਆਂ।
ਧਰਮ ਦੀ ਆੜ ਹੇਠ ਕੁਝ ਵਹਿਸ਼ੀ ਲੋਕਾਂ ਨੇ ਰਿਸ਼ਤਿਆਂ ਦਾ ਘਾਣ ਕੀਤਾ। ਡਾ. ਅਨਿਰੁੱਧ ਕਾਲਾ ਨੇ ਕਿਹਾ ਕਿ ਸੰਤਾਲੀ ਦੀ ਵੰਡ ਸਮੇਂ ਦਸ ਲੱਖ ਲੋਕ ਮਰੇ ਸਨ। ਉਨ੍ਹਾਂ ਕਿਹਾ ਕਿ ਲੰਬਾ ਸਮਾਂ ਬੀਤਣ ਦੇ ਬਾਵਜੂਦ ਲੋਕ ਅੱਜ ਵੀ ਵੰਡ ਬਾਰੇ ਗੱਲਾਂ ਕਰਦੇ ਹਨ। ਲੇਖਕ ਸਾਂਵਲ ਧਾਮੀ ਨੇ ਕਿਹਾ ਕਿ ਦੋਵਾਂ ਪੰਜਾਬਾਂ ਵਿੱਚ ਵੰਡ ਦੇ ਦਰਦ ਨੂੰ ਪਿੰਡੇ ’ਤੇ ਹੰਢਾਉਣ ਵਾਲੇ ਗਿਣਨਯੋਗ ਲੋਕ ਹੀ ਬਚੇ ਹਨ। ਉਨ੍ਹਾਂ ਕਿਹਾ ਕਿ ਵੰਡ ਦੇ ਤਜਰਬਿਆਂ ਨੂੰ ਲਿਖਤਾਂ ਅਤੇ ਫਿਲਮਾਂਕਣ ਦੇ ਰੂਪ ਵਿੱਚ ਸੰਭਾਲਣ ਦੀ ਲੋੜ ਹੈ ਤਾਂ ਜੋ ਅਉਂਦੀਆਂ ਨਸਲਾਂ ਇਸ ਤੋਂ ਕੁਝ ਸਿੱਖਿਆ ਹਾਸਲ ਕਰ ਸਕਣ। ਉਨ੍ਹਾਂ ਪੰਜਾਬ ਸਮੇਤ ਕਈ ਰਾਜਾਂ ਵਿੱਚ ਜਾ ਕੇ ਵੰਡ ਸਬੰਧੀ ਕਹਾਣੀਆਂ ਬਜ਼ੁਰਗਾਂ ਦੀ ਜ਼ੁਬਾਨੀ ਰਿਕਾਰਡ ਕੀਤੀਆਂ ਹਨ। ਡਾ. ਅਨਿਰੁੱਧ ਕਾਲਾ ਅਤੇ ਧਾਮੀ ਨੇ ਵੰਡ ਦੀਆਂ ਕਈ ਕਹਾਣੀਆਂ ਸਰੋਤਿਆਂ ਨਾਲ ਸਾਂਝੀਆਂ ਵੀ ਕੀਤੀਆਂ। ਇਸ ਸੈਸ਼ਨ ਦਾ ਸੰਚਾਲਨ ਗੁਰਤੇਜ ਕੋਹਾਰਵਾਲਾ ਨੇ ਕੀਤਾ। ਇਸ ਮੌਕੇ ਅਨਿਰੁੱਧ ਕਾਲਾ ਦੀ ਪੁਸਤਕ ‘ਲਾਹੌਰ ਦਾ ਪਾਗਲਖਾਨਾ’ ਅਤੇ ਸਾਂਵਲ ਧਾਮੀਂ ਦੀ ਪੁਸਤਕ ‘ਦੁੱਖੜੇ ਸੰਨ ਸੰਤਾਲੀ ਦੇ’ ਲੋਕ ਅਰਪਣ ਕੀਤੀਆਂ ਗਈਆਂ। ਸੰਸਥਾ ਦੇ ਪ੍ਰਧਾਨ ਖੁਸ਼ਵੰਤ ਬਰਗਾੜੀ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ। ‘ਮੈਂ ਤੇ ਕਵਿਤਾ’ ਦੇ ਸਿਰਲੇਖ ਹੇਠ ਫੈਸਟੀਵਲ ਦੇ ਦੂਜੇ ਸੈਸ਼ਨ ਦੌਰਾਨ ਵਿਜੇ ਵਿਵੇਕ, ਜਗਵਿੰਦਰ ਜੋਧਾ, ਸਵਾਮੀ ਅੰਤਰ ਨੀਰਵ ਨਾਲ ਪੰਜਾਬੀ ਕਵਿਤਾ ਬਾਰੇ ਡਾ. ਨੀਤੂ ਨੇ ਗੱਲਬਾਤ ਕੀਤੀ। ਪ੍ਰਧਾਨਗੀ ਭਾਸ਼ਨ ਵਿੱਚ ਬੋਲਦਿਆਂ ਡਾ. ਰਾਜਿੰਦਰ ਪਾਲ ਸਿੰਘ ਨੇ ਕਿਹਾ ਕਿ ਆਮ ਕਰਕੇ ਇਕੱਠ ਅਕਾਦਮਿਕ, ਰਾਜਸੀ ਜਾਂ ਵਪਾਰਿਕ ਹੁੰਦੇ ਹਨ ਪਰ ਅਜਿਹੇ ਫੈਸਟੀਵਲਾਂ ਦੇ ਇਕੱਠ ਸਮਾਜ ਦੇ ਬਾਕੀ ਇਕੱਠਾਂ ਨੂੰ ਪ੍ਰਭਾਵਿਤ ਕਰਦੇ ਹਨ।
ਇਸ ਮੌਕੇ ਪੰਜਾਬ ਸੰਗੀਤ ਨਾਟਕ ਅਕਾਦਮੀ ਚੰਡੀਗੜ੍ਹ ਦੇ ਸਹਿਯੋਗ ਪ੍ਰੀਤਮ ਰੁਪਾਲ ਦੀ ਅਗਵਾਈ ਹੇਠ ਤਰਸੇਮ ਚੰਦ ਕਲਹਿਰੀ ਦੀ ਟੀਮ ਨੇ ਫੋਕ ਆਰਕੈਸਟਰਾ ਰਾਹੀਂ ਲੋਕ ਧੁਨਾਂ ਦੀ ਪੇਸ਼ਕਾਰੀ ਦਿੱਤੀ। ਪੁਸਤਕ ਪ੍ਰਦਰਸ਼ਨੀ ਵਿੱਚ ਪਾਠਕਾਂ ਨੇ ‘ਪੰਜਾਬ ਐਂਡ ਸੰਨਜ਼’, ‘ਮੈਂ-ਅਮੈਂ’, ‘ਬੀਤੇ ਨੂੰ ਫਰੋਲਦਿਆਂ’, ਨਾਵਲ ‘ਸੋਫੀਆ’ ਅਤੇ ‘ਕਲਮਾਂ ਵਾਲੇ’ ਸਮੇਤ ਹੋਰ ਸਮਕਾਲੀ ਸਰੋਕਾਰਾਂ ਨਾਲ ਜੁੜੀਆਂ ਪੁਸਤਕਾਂ ਵਿੱਚ ਡੂੰਘੀ ਦਿਲਚਸਪੀ ਦਿਖਾਈ।