ਨਿੱਜੀ ਪੱਤਰ ਪ੍ਰੇਰਕ
ਬਰਨਾਲਾ, 6 ਨਵੰਬਰ
ਜ਼ਿਲ੍ਹਾ ਪੁਲੀਸ ਮੁਖੀ ਅੱਜ ਜਦੋਂ ਆਪਣੀ ਟੀਮ ’ਚ ਸ਼ਾਮਲ ਐੱਸਪੀ ਨਾਲ ਪੜਤਾਲੀਆ ਮੋਟਰ ਟਰਾਲੀ ’ਚ ਬੈਠ ਕੇ ਬਰਨਾਲਾ ਰੇਲਵੇ ਟਰੈਕ ਦਾ ਨਿਰੀਖਣ ਕਰ ਰਹੇ ਸਨ ਤਾਂ ਅਚਨਚੇਤ ਟਰਾਲੀ ਪਲਟ ਗਈ। ਇਸ ਦੌਰਾਨ ਐੱਸਐੱਸਪੀ ਤੇ ਐੱਸਪੀ ਗੰਭੀਰ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਐੱਸਐੱਸਪੀ ਸੰਦੀਪ ਗੋਇਲ ਅਤੇ ਐੱਸਪੀ ਜਗਵਿੰਦਰ ਸਿੰਘ ਚੀਮਾ ਅੱਜ ਰੇਲਵੇ ਟਰੈਕ ਦਾ ਨਿਰੀਖਣ ਕਰ ਰਹੇ ਸਨ। ਇਸ ਦੌਰਾਨ ਤਕਨੀਕੀ ਨੁਕਸ ਪੈ ਜਾਣ ਕਰਕੇ ਟਰਾਲੀ ਪਲਟ ਗਈ, ਜਿਸ ਕਾਰਨ ਦੋਵੇਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਇਸ ਮਗਰੋਂ ਇਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ’ਚ ਲਿਜਾਇਆ ਗਿਆ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਐੱਸਪੀ(ਡੀ) ਸੁਖਦੇਵ ਸਿੰਘ ਵਿਰਕ ਅਤੇ ਐੱਸਪੀ(ਐਚ) ਹਰਵੰਤ ਕੌਰ ਹਸਪਤਾਲ ਵਿੱਚ ਪਹੁੰਚ ਗਏ। ਡਾਕਟਰਾਂ ਨੇ ਦੋਵੇਂ ਪੁਲੀਸ ਅਧਿਕਾਰੀਆਂ ਦੇ ਐਕਸ-ਰੇਅ ਕਰਨ ਤੋਂ ਬਾਅਦ ਇਲਾਜ ਸ਼ੁਰੂ ਕਰ ਦਿੱਤਾ ਹੈ।