ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 6 ਸਤੰਬਰ
ਅੱਜ ਏਐੱਸਆਈ ਕੁਲਵਿੰਦਰ ਸਿੰਘ (53) ਦੀ ਜ਼ਿਲ੍ਹਾ ਕਚਹਿਰੀਆਂ ਦੇ ਬਖਸ਼ੀਖਾਨੇ ਵਿੱਚ ਆਪਣੀ ਸਰਵਿਸ ਕਾਰਬਾਈਨ ਵਿੱਚੋਂ ਗੋਲੀ ਚੱਲਣ ਕਰਕੇ ਮੌਕੇ ‘ਤੇ ਹੀ ਮੌਤ ਹੋ ਗਈ ਹੈ, ਜਦੋਂ ਕਿ 21 ਅਗਸਤ ਨੂੰ ਸਵੇਰੇ ਪੁਲੀਸ ਲਾਈਨ ਦੀ ਪਾਰਕਿੰਗ ਵਿੱਚ ਆਪਣੇ ਸਰਵਿਸ ਰਿਵਾਲਵਰ ਦੀ ਗੋਲੀ ਸਿਰ ਵਿੱਚ ਲੱਗਣ ਕਰਕੇ ਸਟੇਟ ਐਵਾਰਡੀ ਏਐੱਸਆਈ ਕਾਸਮ ਅਲੀ (55) ਦੀ ਮੌਤ ਹੋਈ ਸੀ। ਏਐੱਸਆਈ ਕੁਲਵਿੰਦਰ ਸਿੰਘ ਅੱਜ ਪੁਲੀਸ ਲਾਈਨ ਵਿੱਚੋਂ ਕਾਰਬਾਈਨ ਰਿਲੀਜ਼ ਕਰਵਾਕੇ ਆਪਣੀ ਡਿਊਟੀ ਉਪਰ ਜ਼ਿਲ੍ਹਾ ਜੇਲ੍ਹ ਵਿੱਚੋਂ ਕੈਦੀ ਲੈ ਕੇ ਜ਼ਿਲ੍ਹਾ ਕਚਿਹਰੀਆਂ ਦੇ ਬਖਸ਼ੀਖਾਨੇ ਵਿੱਚ ਆਇਆ ਸੀ ਕਿ ਉਸ ਦੀ ਕਾਰਬਾਈਨ ਵਿੱਚੋਂ ਗੋਲੀ ਉਸ ਦੀ ਗਰਦਨ ਨੇੜੇ ਲੱਗਣ ਕਰਕੇ ਮੌਕੇ ‘ਤੇ ਹੀ ਮੌਤ ਹੋ ਗਈ| ਗੋਲੀ ਲੱਗਣ ਦੀ ਘਟਨਾ ਬਖਸ਼ੀਖਾਨੇ ਦੀ ਨੁੱਕਰ ਵਿੱਚ ਹੋਈ। ਪੁਲੀਸ ਅਧਿਕਾਰੀ ਜਗਦੀਸ਼ ਸਿੰਘ ਨੇ ਦੱਸਿਆ ਕਿ ਕੁਲਵਿੰਦਰ ਸਿੰਘ, ਬੁਰਜ ਸਿਧਵਾਂ (ਮਲੋਟ) ਦਾ ਰਹਿਣ ਵਾਲਾ ਸੀ ਅਤੇ ਦੋ ਪਹਿਲਾਂ ਹੀ ਪੁਲੀਸ ਲਾਈਨ ਮੁਕਤਸਰ ਵਿੱਚ ਆਇਆ ਸੀ, ਜਦੋਂ ਕਿ ਇਸ ਤੋਂ ਪਹਿਲਾਂ ਉਹ ਆਬਕਾਰੀ ਵਿਭਾਗ ਵਿੱਚ ਡਿਊਟੀ ਕਰਦਾ ਸੀ| ਉਸ ਦੀ ਡਿਊਟੀ ਮੁਕਤਸਰ ਜੇਲ੍ਹ ਦੇ ਕੈਦੀਆਂ ਨੂੰ ਜ਼ਿਲ੍ਹਾ ਕਚਹਿਰੀਆਂ ਵਿੱਚ ਪੇਸ਼ ਕਰਨ ਵਾਸਤੇ ਲੱਗੀ ਹੋਈ ਸੀ| ਅੱਜ ਜਦੋਂ ਕੁਲਵਿੰਦਰ ਸਿੰਘ ਆਪਣੇ ਸਾਥੀ ਕਰਮਚਾਰੀਆਂ ਨਾਲ ਕੈਦੀਆਂ ਨੂੰ ਲੈ ਕੇ ਕਚਹਿਰੀਆਂ ਵਿੱਚ ਆਇਆ ਤਾਂ ਸਾਥੀ ਕਰਮਚਾਰੀ ਕੈਦੀਆਂ ਦੇ ਸੰਮਨ ਵਗੈਰਾ ਚੈੱਕ ਕਰਨ ਲੱਗੇ ਤਾਂ ਉਹ ਬਖਸ਼ੀਖਾਨੇ ਦੇ ਖੁੂੰਜੇ ਵਿੱਚ ਚਲਾ ਗਿਆ, ਜਿਥੇ ਉਸ ਦੀ ਸਰਵਿਸ ਕਾਰਬਾਈਨ ਵਿੱਚੋਂ ਗੋਲੀ ਚੱਲਣ ਕਰਕੇ ਉਸਦੀ ਮੌਤ ਹੋ ਗਈ|