ਬੀਐੱਸ ਚਾਨਾ
ਸ੍ਰੀ ਅਨੰਦਪੁਰ ਸਾਹਿਬ, 2 ਸਤੰਬਰ
ਅਧਿਆਪਕ ਰਾਜ ਪੁਰਸਕਾਰ ਵੰਡ ਸਮਾਰੋਹ 5 ਸਤੰਬਰ ਨੂੰ ਵਿਰਾਸਤ-ਏ-ਖਾਲਸਾ ਦੇ ਆਡੀਟੋਰੀਅਮ ਵਿਚ ਹੋਵੇਗਾ, ਜਿਸ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੁੱਖ ਮਹਿਮਾਨ ਹੋਣਗੇ। ਸਮਾਰੋਹ ਦੀ ਪ੍ਰਧਾਨਗੀ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਕਰਨਗੇ। ਅੱਜ ਇਸ ਸਮਾਰੋਹ ਲਈ ਕੀਤੇ ਜਾਣ ਵਾਲੇ ਪ੍ਰਬੰਧਾਂ ਤੇ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵਿਰਾਸਤ-ਏ-ਖਾਲਸਾ ਪਹੁੰਚੇ ਅਤੇ ਉਨ੍ਹਾਂ ਨੇ ਸਮਾਰੋਹ ਵਾਲੇ ਸਥਾਨ ਅਤੇ ਹੋਰ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਮੌਕੇ ਡੀਆਈਜੀ ਰੂਪਨਗਰ ਗੁਰਪ੍ਰੀਤ ਸਿੰਘ ਭੁੱਲਰ, ਐੱਸਐੱਸਪੀ ਡਾ. ਸੰਦੀਪ ਗਰਗ, ਐੱਸਡੀਐੱਮ ਮਨੀਸ਼ਾ ਰਾਣਾ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਦਮਨਜੀਤ ਸਿੰਘ, ਜ਼ਿਲ੍ਹਾ ਸਿੱਖਿਆ ਅਫਸਰ ਜਰਨੈਲ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫਸਰ ਸੁਰਿੰਦਰਪਾਲ ਸਿੰਘ, ਰੰਜਨਾ ਕਟਿਆਲ, ਤਹਿਸੀਲਦਾਰ ਅੰਮ੍ਰਿਤਵੀਰ ਸਿੰਘ, ਐੱਸਐੱਮਓ ਡਾ. ਚਰਨਜੀਤ ਕੁਮਾਰ, ਐੱਸਪੀ ਰਾਜਪਾਲ ਸਿੰਘ, ਭੁਪਿੰਦਰ ਸਿੰਘ ਚਾਨਾ, ਡੀਪੀਆਈ ਸੈਕੰਡਰੀ ਕੁਲਜੀਤਪਾਲ ਸਿੰਘ ਹਾਜ਼ਰ ਸਨ।