ਪਟਿਆਲਾ (ਸਰਬਜੀਤ ਸਿੰਘ ਭੰਗੂ): ਜੇਲ੍ਹਾਂ ਵਿਚ ਨਸ਼ੇ ਤੇ ਹੋਰ ਚੀਜ਼ਾਂ ਆਉਣ ਦਾ ਰੁਝਾਨ ਜਾਰੀ ਹੈ। ਇਸ ਵਰਤਾਰੇ ਨੂੰ ਰੋਕਣ ਲਈ ਸਰਕਾਰ ਨੇ ਪ੍ਰਮੁੱਖ ਜੇਲ੍ਹਾਂ ਵਿੱਚ ਸੂਹੀਆ ਕੁੱਤਿਆਂ ਦੀ ਤਾਇਨਾਤੀ ਕੀਤੀ ਹੋਈ ਹੈ। ਪਹਿਲਾਂ ਇਹ ਕੁੱਤੇ ਨਸ਼ੀਲੇ ਪਦਾਰਥਾਂ ਨੂੰ ਫੜਦੇ ਸਨ ਪਰ ਹੁਣ ਇਨ੍ਹਾਂ ਨੂੰ ਮੋਬਾਈਲ ਫੋਨ ਦੀ ਬਰਾਮਦਗੀ ਬਾਰੇ ਵੀ ਸਿਖਲਾਈ ਦਿੱਤੀ ਜਾਣ ਲੱਗੀ ਹੈ। ਜੇਲ੍ਹ ਵਿਭਾਗ ਅਨੁਸਾਰ ਨਸ਼ੀਲੇ ਪਦਾਰਥਾਂ ਦਾ ਪਤਾ ਲਾਉਣ ’ਚ ਸੂਹੀਆ ਕੁੱਤੇ ਕਾਫੀ ਕਾਰਗਰ ਹਨ। ਪਟਿਆਲਾ ਕੇਂਦਰੀ ਜੇਲ੍ਹ ਵਿੱਚ ਦੋ ਸੂਹੀਆ ਕੁੱਤੇ ਹਨ, ਜਿਨ੍ਹਾਂ ’ਚ ਛੇ ਸਾਲਾ ਜਿੰਮੀ (ਜਰਮਨ ਸ਼ੈਫਰਡ) ਅਤੇ ਦੋ ਸਾਲਾ ਜੈਕੀ (ਲੈਬਰਾਡੌਰ) ਸ਼ਾਮਲ ਹਨ।
ਮੁੱਖ ਰੂਪ ਵਿਚ ਇਨ੍ਹਾਂ ਦੀ ਵਰਤੋਂ ਮੁਲਾਕਾਤਾਂ ਮੌਕੇ ਕੀਤੀ ਜਾਂਦੀ ਹੈ। ਜੇਕਰ ਕਿਸੇ ਕੋਲ਼ ਕੋਈ ਸ਼ੱਕੀ ਵਸਤੂ ਹੋਵੇ ਤਾਂ ਇਹ ਉਸ ਦੇ ਪੈਰਾਂ ’ਤੇ ਬੈਠ ਜਾਂਦੇ ਹਨ। ਇਸ ਤਹਿਤ ਪਿਛਲੇ ਸਮੇਂ ’ਚ ਦੋਵਾਂ ਨੇ 16 ਮੋਬਾਈਲ ਫੋਨ, 114 ਜਰਦੇ ਦੀਆਂ ਪੁੜੀਆਂ, 173 ਨਸ਼ੀਲੀਆਂ ਗੋਲ਼ੀਆਂ ਅਤੇ ਸਵਾ ਸੌ ਗਰਾਮ ਸੁਲਫਾ ਆਦਿ ਵਸਤਾਂ ਦਾ ਪਤਾ ਲਾਇਆ ਹੈ, ਜਿਸ ਤੋਂ ਬਾਅਦ 21 ਕੇਸ ਦਰਜ ਕੀਤੇ ਗਏ ਹਨ। ਜੇਲ੍ਹ ਸੁਪਰਡੈਂਟ ਸ਼ਿਵਰਾਜ ਸਿੰਘ ਨੰਦਗੜ੍ਹ ਨੇ ਆਖਿਆ ਕਿ ਇਹ ਸੂਹੀਆ ਕੁੱਤੇ ਜੇਲ੍ਹ ਪ੍ਰਸ਼ਾਸਨ ਲਈ ਕਾਫ਼ੀ ਕਾਰਗਰ ਸਾਬਤ ਹੋ ਰਹੇ ਹਨ।