ਚਰਨਜੀਤ ਭੁੱਲਰ
ਚੰਡੀਗੜ੍ਹ, 13 ਮਾਰਚ
ਆਮ ਆਦਮੀ ਪਾਰਟੀ ਦੇ ਕਨਵੀਨਰ ਭਗਵੰਤ ਮਾਨ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿੱਚ 16 ਮਾਰਚ ਨੂੰ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣਗੇ। ਇਸ ਸਮਾਗਮ ਲਈ ਤਿਆਰ ਕੀਤੇ ਜਾ ਰਹੇ 40 ਏਕੜ ਦੇ ਪੰਡਾਲ ’ਚ ਬਸੰਤੀ ਰੰਗ ਦਾ ਹੜ੍ਹ ਆਵੇਗਾ। ਨਵੇਂ ਬਣਨ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੰਜਾਬ ਦੇ ਲੋਕਾਂ ਨੂੰ ਸੱਦਾ ਹੈ ਕਿ ਉਹ ਬਸੰਤੀ ਪੱਗਾਂ ਬੰਨ੍ਹ ਕੇ ਪੁੱਜਣ। ਰਾਜ ਭਵਨ ਤੋਂ ਬਾਹਰ ਸਹੁੰ ਚੁੱਕ ਸਮਾਗਮ ਹੋਣ ਦੀ ਰੀਤ ਪਹਿਲੋਂ ਹੀ ਸ਼ੁਰੂ ਹੋ ਚੁੱਕੀ ਹੈ, ਪਰ ਸ਼ਹੀਦਾਂ ਦੇ ਪਿੰਡ ’ਚ ਸਹੁੰ ਚੁੱਕ ਸਮਾਗਮ ਪਹਿਲੀ ਵਾਰ ਹੋਵੇਗਾ।
ਸ਼੍ਰੋਮਣੀ ਅਕਾਲੀ ਦਲ ਵੇਲੇ ਹੋਏ ਸਹੁੰ ਚੁੱਕ ਸਮਾਗਮਾਂ ’ਚ ਪੰਥਕ ਰੰਗ ਚੜ੍ਹਿਆ ਰਿਹਾ ਹੈ। ਆਮ ਆਦਮੀ ਪਾਰਟੀ ਨੇ ਸ਼ਹੀਦਾਂ ਦੀ ਸੋਚ ਨੂੰ ਅੱਗੇ ਵਧਾਉਣ ਦਾ ਵਾਅਦਾ ਕੀਤਾ ਹੈ। ਪਿਛਲੀ ਵਾਰ ਪੂਰੇ ਪੰਜ ਵਰ੍ਹੇ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਵੀ 2017 ਵਿੱਚ 16 ਮਾਰਚ ਨੂੰ ਹੀ ਸਹੁੰ ਚੁੱਕੀ ਸੀ। ਜੇਕਰ ਸਹੁੰ ਚੁੱਕ ਸਮਾਗਮਾਂ ’ਚ ਹੋਣ ਵਾਲੇ ਖਰਚ ’ਤੇ ਨਿਗ੍ਹਾ ਮਾਰੀ ਜਾਵੇ ਤਾਂ ਪਤਾ ਲੱਗਦਾ ਹੈ ਕਿ 1992 ਤੱਕ ਪੰਜਾਬ ਦੇ ਸਹੁੰ ਚੁੱਕ ਸਮਾਗਮ ਰਾਜ ਭਵਨ ਵਿੱਚ ਹੀ ਹੁੰਦੇ ਰਹੇ ਹਨ। 12 ਫਰਵਰੀ 1997 ਨੂੰ ਪਹਿਲੀ ਵਾਰ ਸਹੁੰ ਚੁੱਕ ਸਮਾਗਮ ਕ੍ਰਿਕਟ ਸਟੇਡੀਅਮ ਮੁਹਾਲੀ ਵਿੱਚ ਹੋਇਆ ਸੀ। ਉਸ ਵੇਲੇ ਚਾਹ ਪਾਣੀ ਤੇ ਸਨੈਕਸ ਦਾ ਖਰਚਾ 1.05 ਲੱਖ ਰੁਪਏ ਆਇਆ ਸੀ। 2007 ’ਚ ਜਦੋਂ ਅਕਾਲੀ-ਭਾਜਪਾ ਗੱਠਜੋੜ ਦੀ ਸਰਕਾਰ ਬਣੀ ਸੀ ਤਾਂ 2 ਮਾਰਚ 2007 ਨੂੰ ਮੁਹਾਲੀ ਦੇ ਕ੍ਰਿਕਟ ਸਟੇਡੀਅਮ ਵਿੱਚ ਸਹੁੰ ਚੁੱਕ ਸਮਾਗਮ ਹੋਇਆ ਸੀ, ਜਿਸ ’ਤੇ 26.06 ਲੱਖ ਰੁਪਏ ਦਾ ਖਰਚ ਆਇਆ ਸੀ। ਜਦੋਂ ਸੁਖਬੀਰ ਸਿੰਘ ਬਾਦਲ ਨੇ ਬਤੌਰ ਡਿਪਟੀ ਮੁੱਖ ਮੰਤਰੀ 21 ਜਨਵਰੀ 2009 ਨੂੰ ਅੰਮ੍ਰਿਤਸਰ ਵਿੱਚ ਸਹੁੰ ਚੁੱਕੀ ਸੀ ਤਾਂ ਉਸ ਸਮਾਗਮ ਦਾ ਖਰਚ 70.63 ਲੱਖ ਰੁਪਏ ਆਇਆ। ਅਕਾਲੀ-ਭਾਜਪਾ ਗੱਠਜੋੜ ਸਰਕਾਰ ਦੀ ਮੁੜ 2012 ਵਿੱਚ ਸਰਕਾਰ ਬਣੀ ਤਾਂ 14 ਮਾਰਚ 2012 ਨੂੰ ਸਹੁੰ ਚੁੱਕ ਸਮਾਗਮ ਚੱਪੜਚਿੜ੍ਹੀ ਵਿੱਚ ਹੋਇਆ ਤੇ ਵੱਡਾ ਇਕੱਠ ਕੀਤਾ ਗਿਆ। ਇਸ ਸਮਾਗਮ ਦਾ ਖਰਚ 91.68 ਲੱਖ ਰੁਪਏ ’ਤੇ ਪਹੁੰਚ ਗਿਆ। ਇਸ ਮੌਕੇ ਸਿਰਫ਼ ਪ੍ਰਾਹੁਣਚਾਰੀ ’ਤੇ ਹੀ 14.97 ਲੱਖ ਰੁਪਏ ਦਾ ਖਰਚਾ ਕੀਤਾ ਗਿਆ ਸੀ। ਪਿਛਲੀ ਕੈਪਟਨ ਸਰਕਾਰ ਟੁੱਟਣ ਮਗਰੋਂ ਜਦੋਂ ਚਰਨਜੀਤ ਸਿੰਘ ਚੰਨੀ ਨੇ ਰਾਜ ਭਵਨ ਵਿੱਚ ਸਹੁੰ ਚੁੱਕੀ ਤਾਂ ਲਗਪਗ 18 ਲੱਖ ਰੁਪਏ ਦਾ ਖਰਚ ਆਇਆ। ਕਾਂਗਰਸ ਦੀ ਸਰਕਾਰ ਬਣਨ ’ਤੇ ਜ਼ਿਆਦਾਤਰ ਸਹੁੰ ਚੁੱਕ ਸਮਾਗਮ ਰਾਜ ਭਵਨ ਵਿੱਚ ਹੀ ਹੋਏ ਹਨ।
ਪੰਜਾਬ ਤੋਂ ਬਾਹਰ ਜੇਕਰ ਝਾਤ ਮਾਰੀਏ ਤਾਂ ਜਦੋਂ 2013 ’ਚ ਅਰਵਿੰਦ ਕੇਜਰੀਵਾਲ ਨੇ ਰਾਮ ਲੀਲ੍ਹਾ ਮੈਦਾਨ ਵਿੱਚ ਸਹੁੰ ਚੁੱਕੀ ਸੀ ਤਾਂ ਉਸ ਮੌਕੇ ਹੋਏ ਸਮਾਗਮਾਂ ’ਤੇ ਸਿਰਫ਼ 6.33 ਲੱਖ ਰੁਪਏ ਖਰਚੇ ਗਏ ਸਨ। ਉਸ ਤੋਂ ਪਹਿਲਾਂ 2008 ’ਚ ਸ਼ੀਲਾ ਦੀਕਸ਼ਿਤ ਦੇ ਸਹੁੰ ਚੁੱਕ ਸਮਾਗਮਾਂ ’ਤੇ 13.04 ਲੱਖ ਰੁਪਏ, 2007 ’ਚ ਗੁਜਰਾਤ ਵਿਖੇ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ ’ਤੇ 3.08 ਲੱਖ ਰੁਪਏ ਖਰਚ ਆਇਆ ਸੀ। ਇਸ ਮਗਰੋਂ 2021 ਵਿੱਚ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮਾਂ ’ਤੇ 6.01 ਲੱਖ ਰੁਪਏ ਦਾ ਖਰਚਾ ਆਇਆ। ਦੂਜੇ ਪਾਸੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ ਚੰਦਰ ਬਾਬੂ ਨਾਇਡੂ ਦਾ 8 ਜੂਨ 2014 ਦਾ ਸਹੁੰ ਚੁੱਕ ਸਮਾਗਮ ਡੇਢ ਕਰੋੜ ਵਿੱਚ ਪਿਆ ਸੀ।
ਪੰਜ ਸੂਬਿਆਂ ’ਚ ਹੁਣ ਮੁੜ ਸਰਕਾਰਾਂ ਬਣ ਰਹੀਆਂ ਹਨ ਅਤੇ ਉੱਤਰ ਪ੍ਰਦੇਸ਼ ਵਿਚ ਮੁੱਖ ਮੰਤਰੀ ਦਾ ਸਹੁੰ ਚੁੱਕ ਸਮਾਗਮ 15 ਮਾਰਚ ਨੂੰ ਹੋਣ ਦੀ ਸੰਭਾਵਨਾ ਹੈ। ਪੰਜਾਬ ਦੇ ਨਵੇਂ ਮੁੱਖ ਮੰਤਰੀ ਭਗਵੰਤ ਮਾਨ 16 ਮਾਰਚ ਨੂੰ ਸਹੁੰ ਚੁੱਕਣਗੇ ਤੇ ਇਸ ਸਮਾਗਮ ਦੀਆਂ ਤਿਆਰੀਆਂ ਵੀ ਜ਼ੋਰਾਂ ’ਤੇ ਹੈ। ਇਨ੍ਹਾਂ ਸਮਾਗਮਾਂ ’ਤੇ ਕਿੰਨਾ ਖਰਚ ਹੋਵੇਗਾ, ਇਸ ਸਬੰਧੀ ਹਾਲੇ ਕੋਈ ਲਿਖਤੀ ਸੂਚਨਾ ਹਾਸਲ ਨਹੀਂ ਹੋ ਸਕੀ ਹੈ।