ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 8 ਨਵੰਬਰ
ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਅੱਜ ਐਡਵੋਕੇਟ ਅਤੇ ਕੁਦਰਤ ਪ੍ਰੇਮੀ ਹਰਪ੍ਰੀਤ ਸੰਧੂ ਦੀ ਲਿਖੀ ਕੌਫ਼ੀ ਟੇਬਲ ਬੁੱਕ ‘ਸਾਡਾ ਸੋਹਣਾ ਪੰਜਾਬ’ ਰਿਲੀਜ਼ ਕੀਤੀ। ਇਹ ਕਿਤਾਬ ਪੰਜਾਬ ਦੇ ਮਨਮੋਹਕ ਕੁਦਰਤੀ ਸਥਾਨਾਂ ਜਿਵੇਂ ਪੰਜਾਬ ਦੀ ਕੁਦਰਤੀ ਸੁੰਦਰਤਾ, ਹਰੇ-ਭਰੇ ਜੰਗਲਾਂ ਦੇ ਸੁੰਦਰ ਨਜ਼ਾਰੇ, ਨੀਲੇ ਪਾਣੀਆਂ ਦੇ ਵਹਾਅ ਵਾਲੀਆਂ ਸ਼ਾਨਦਾਰ ਨਦੀਆਂ ਦੇ ਦ੍ਰਿਸ਼ਾਂ ਨੂੰ ਪੇਸ਼ ਕਰਦੀ ਹੈ। ਰਾਣਾ ਕੇਪੀ ਸਿੰਘ ਨੇ ਇਸ ਪੁਸਤਕ ਲਈ ਲੇਖਕ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਪਹਿਲਕਦਮੀ ਨਾ ਸਿਰਫ਼ ਪੰਜਾਬ ਸਗੋਂ ਦੁਨੀਆ ਭਰ ਦੇ ਕੁਦਰਤ ਪ੍ਰੇਮੀਆਂ ਲਈ ਸੂਬੇ ਵਿਚਲੀਆਂ ਸ਼ਾਨਦਾਰ ਥਾਵਾਂ ਦਾ ਆਨੰਦ ਮਾਨਣ ਵਿੱਚ ਲਾਹੇਵੰਦ ਸਾਬਤ ਹੋਵੇਗੀ। ਇਸ ਮੌਕੇ ਉਦਯੋਗ ਤੇ ਵਣਜ ਮੰਤਰੀ ਗੁਰਕੀਰਤ ਸਿੰਘ, ਵਿਧਾਇਕ ਲਖਬੀਰ ਸਿੰਘ ਲੱਖਾ, ਗੁਰਪ੍ਰੀਤ ਸਿੰਘ ਤੇ ਸੁਖਪਾਲ ਭੁੱਲਰ ਵੀ ਹਾਜ਼ਰ ਸਨ।