ਕੇ.ਪੀ. ਸਿੰਘ
ਗੁਰਦਾਸਪੁਰ, 4 ਜੁਲਾਈ
ਪੁਲੀਸ ਵੱਲੋਂ ਗੁਰਦਾਸਪੁਰ ਦੇ ਐੱਸਪੀ ਹੈੱਡਕੁਆਰਟਰ ਗੁਰਮੀਤ ਸਿੰਘ ਨੂੰ ਜਬਰ-ਜਨਾਹ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਗੁਰਦਾਸਪੁਰ ਦੇ ਥਾਣਾ ਸਿਟੀ ਵਿੱਚ ਇਸ ਅਧਿਕਾਰੀ ਖ਼ਿਲਾਫ਼ 2 ਜੁਲਾਈ ਨੂੰ ਧਾਰਾ 376 (2) ਤਹਿਤ ਕੇਸ ਦਰਜ ਕੀਤਾ ਗਿਆ ਸੀ।
ਇਹ ਮਾਮਲਾ ਲੰਘੀ ਅਪਰੈਲ ਤੋਂ ਜਾਂਚ ਅਧੀਨ ਸੀ। ਦੀਨਾਨਗਰ ਵਾਸੀ ਔਰਤ ਨੇ ਦੋਸ਼ ਲਗਾਇਆ ਸੀ ਕਿ ਅਧਿਕਾਰੀ ਨੇ ਗੁਰਦਾਸਪੁਰ ਸਥਿਤ ਆਪਣੀ ਰਿਹਾਇਸ਼ ਵਿਖੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਸੀ। ਉਸ ਮਗਰੋਂ ਪੰਜਾਬ ਪੁਲੀਸ ਹੈੱਡਕੁਰਆਰਟਰ, ਚੰਡੀਗੜ੍ਹ ਦੇ ਨਿਰਦੇਸ਼ਾਂ ’ਤੇ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਸੀ। ਐੱਸਆਈਟੀ ਦੀ ਅਗਵਾਈ ਅੰਮ੍ਰਿਤਸਰ (ਦਿਹਾਤੀ) ਦੇ ਐੱਸਐੱਸਪੀ ਸਵਰਨਦੀਪ ਸਿੰਘ ਕਰ ਰਹੇ ਸਨ। ਐੱਸਪੀ ਗੁਰਮੀਤ ਸਿੰਘ ਨੂੰ ਮੋਗਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਜਿੱਥੇ ਉਹ ਅਦਾਲਤ ਵਿੱਚ ਕਿਸੇ ਪੇਸ਼ੀ ਲਈ ਗਿਆ ਸੀ। ਅੰਮ੍ਰਿਤਸਰ (ਦਿਹਾਤੀ) ਅਤੇ ਮੋਗਾ ਪੁਲੀਸ ਦੀ ਸਾਂਝੀ ਟੀਮ ਨੇ ਉਸ ਨੂੰ ਗ੍ਰਿਫ਼ਤਾਰ ਕੀਤਾ। ਐੱਸਐੱਸਪੀ ਸਵਰਨਦੀਪ ਸਿੰਘ ਨੇ ਕਿਹਾ ਕਿ ਗੁਰਮੀਤ ਸਿੰਘ ਦੀ ਗ੍ਰਿਫ਼ਤਾਰੀ ਮਗਰੋਂ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਔਰਤ ਨੇ ਪੁਲੀਸ ਨੂੰ ਦੱਸਿਆ ਸੀ ਕਿ ਉਸ ਨੇ ਆਪਣੇ ਪਤੀ ਨਾਲ ਝਗੜੇ ਮਗਰੋਂ ਅਧਿਕਾਰੀ ਕੋਲ ਪਹੁੰਚ ਕੀਤੀ ਸੀ। ਪਰਿਵਾਰਕ ਜਾਣ ਪਛਾਣ ਦੇ ਬਾਵਜੂਦ ਗੁਰਮੀਤ ਸਿੰਘ ਵੱਲੋਂ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ।
ਉਧਰ, ਐੱਸਐੱਸਪੀ ਮੋਗਾ ਗੁਲਨੀਤ ਖੁਰਾਨਾ ਨੇ ਦੱਸਿਆ ਕਿ ਅੱਜ ਮੁਲਜ਼ਮ ਦੀ ਲੋਕੇਸ਼ਨ ਮੋਗਾ ਵਿੱਚ ਹੋਣ ਦਾ ਪਤਾ ਲੱਗਿਆ ਜਿਸ ਮਗਰੋਂ ਮੋਗਾ ਪੁਲੀਸ ਨੇ ਉਸ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ ਅਤੇ ਬਾਅਦ ਵਿੱਚ ਐੱਸਆਈਟੀ ਨੂੰ ਸੌਂਪ ਦਿੱਤਾ।