ਬੀਐੱਸ ਚਾਨਾ
ਸ੍ਰੀ ਆਨੰਦਪੁਰ ਸਾਹਿਬ, 20 ਜਨਵਰੀ
ਇੱਥੋਂ ਨੇੜਲੇ ਪਿੰਡ ਗੰਗੂਵਾਲ ਵਿੱਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਅਠਵਾਲ ਦੀ ਰਿਹਾਇਸ਼ ਦੇ ਬਾਹਰ ਲੱਗੇ ਬੋਰਡ ’ਤੇ ਰਾਤ-ਬਰਾਤੇ ਕਿਸੇ ਨੇ ਕਾਲਖ ਮਲ ਕੇ ਕਿਸਾਨ ਏਕਤਾ ਲਿਖ ਦਿੱਤਾ। ਇਸ ਬੋਰਡ ’ਤੇ ਜਤਿੰਦਰ ਸਿੰਘ ਅਠਵਾਲ, ਜ਼ਿਲ੍ਹਾ ਪ੍ਰਧਾਨ ਭਾਰਤੀ ਜਨਤਾ ਪਾਰਟੀ ਲਿਖ ਕੇ ਪਾਰਟੀ ਦਾ ਨਿਸ਼ਾਨ ਫੁੱਲ ਬਣਿਆ ਹੋਇਆ ਸੀ। ਪਿਛਲੇ ਕਈ ਤੋਂ ਕਿਸਾਨਾਂ ਅੰਦੋਲਨ ਦੌਰਾਨ ਜਿੱਥੇ ਭਾਜਪਾ ਆਗੂਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ, ਉਥੇ ਬੋਰਡ ’ਤੇ ਕਾਲਖ ਮਲਣ ਦੀ ਇਲਾਕੇ ਦੀ ਇਹ ਪਹਿਲੀ ਘਟਨਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਕਿਹਾ ਕਿ ਭਾਜਪਾ ਆਗੂਆਂ ਨੂੰ ਕੰਧ ’ਤੇ ਲਿਖਿਆ ਪੜ੍ਹ ਕੇ ਖੇਤੀ ਕਾਨੂੰਨ ਮੁੱਢੋਂ ਰੱਦ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਉਹ ਸ਼ਾਂਤਮਈ ਅੰਦੋਲਨ ਦੇ ਹੱਕ ਵਿੱਚ ਹਨ ਪਰ ਭਾਜਪਾ ਆਗੂਆਂ ਨੂੰ ਚਾਹੀਦਾ ਹੈ ਕਿ ਉਹ ਸੀਨੀਅਰ ਲੀਡਰਸ਼ਿਪ ਨਾਲ ਗੱਲ ਕਰਨ ਤੇ ਕਿਸਾਨਾਂ ਦਾ ਮਸਲਾ ਹੱਲ ਕਰਵਾਉਣ। ਇਸ ਸਬੰਧੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਅਠਵਾਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਕੰਮ ਕਿਸੇ ਕਿਸਾਨ ਜਥੇਬੰਦੀ ਦਾ ਨਹੀਂ ਹੋ ਸਕਦਾ, ਬਲਕਿ ਇਹ ਕਿਸੇ ਸ਼ਰਾਰਤੀ ਅਨਸਰ ਦੀ ਕਾਰਵਾਈ ਹੈ, ਜਿਸ ਸਬੰਧੀ ਉਹ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਉਣਗੇ।