ਮਹਿੰਦਰ ਸਿੰਘ ਰੱਤੀਆਂ
ਮੋਗਾ, 8 ਜਨਵਰੀ
ਬੌਲੀਵੁੱਡ ਅਦਾਕਾਰ ਸੋਨੂ ਸੂਦ ਦੀ ਭੈਣ ਮਾਲਵਿਕਾ ਸੂਦ ਸੱਚਰ ਨੇ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਲਿਆ ਹੈ, ਜਿਸ ਮਗਰੋਂ ਮੋਗਾ ਦੀ ਸਿਆਸਤ ਵਿੱਚ ਨਵੀਂ ਚਰਚਾ ਛਿੜ ਗਈ ਹੈ। ਇਸ ਨਾਲ ਹਾਕਮ ਧਿਰ ਦੇ ਮੌਜੂਦਾ ਵਿਧਾਇਕ ਡਾ. ਹਰਜੋਤ ਕਮਲ ਸਿੰਘ ਅਤੇ ਟਿਕਟ ਦੇ ਹੋਰ ਦਾਅਵੇਵਾਰਾਂ ਦੀ ਚਿੰਤਾ ਵੀ ਵਧ ਗਈ ਹੈ।
ਇਥੇ ਅੱਜ ਸਾਬਕਾ ਮੰਤਰੀ ਡਾ. ਮਾਲਤੀ ਥਾਪਰ, ਸਾਬਕਾ ਵਿਧਾਇਕ ਵਿਜੇ ਸਾਥੀ, ਡਾ. ਪਵਨ ਥਾਪਰ ਤੇ ਹੋਰ ਸੀਨੀਅਰ ਕਾਂਗਰਸੀ ਆਗੂਆਂ ਨੇ ਮਾਲਵਿਕਾ ਨਾਲ ਮੁਲਾਕਾਤ ਕੀਤੀ। ਦੂਜੇ ਪਾਸੇ ਜਸਟਿਸ (ਸੇਵਾਮੁਕਤ) ਮਹਿਤਾਬ ਸਿੰਘ ਨੇ ਵੀ ਮਾਲਵਿਕਾ ਨਾਲ ਮੁਲਾਕਾਤ ਕੀਤੀ ਹੈ ਪਰ ਜਸਟਿਸ ਮਹਿਤਾਬ ਸਿੰਘ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਦੀ ਪਰਿਵਾਰਕ ਮੁਲਾਕਾਤ ਸੀ। ਕਾਂਗਰਸ ਆਗੂ ਰਵੀ ਪੰਡਤ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਇੰਦਰਜੀਤ ਸਿੰਘ ਬੀੜ ਚੜਿੱਕ ਨੇ ਪੁਸ਼ਟੀ ਕੀਤੀ ਹੈ ਕਿ ਮਾਲਵਿਕਾ ਸੋਮਵਾਰ ਨੂੰ ਕਾਂਗਰਸ ਪਾਰਟੀ ’ਚ ਅਧਿਕਾਰਤ ਤੌਰ ’ਤੇ ਸ਼ਾਮਲ ਹੋ ਰਹੀ ਹੈ। ਸੀਨੀਅਰ ਕਾਂਗਰਸ ਆਗੂ ਅਜੇ ਸੂਦ ਗੋਰਾ ਨੇ ਕਿਹਾ ਕਿ ਪਾਰਟੀ ਅਤੇ ਲੋਕਾਂ ਵੱਲੋਂ ਦਿੱਤੇ ਗਏ ਰੁਤਬੇ ’ਤੇ ਮਾਲਵਿਕਾ ਖਰੀ ਉਤਰੇਗੀ।
ਮਾਲਵਿਕਾ ਦੀ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਨਾਲ ਕਾਂਗਰਸ ਵਿੱਚ ਸ਼ਮੂਲੀਅਤ ਸਬੰਧੀ ਗੱਲਬਾਤ ਹੋ ਚੁੱਕੀ ਸੀ ਤੇ ਚੋਣ ਜ਼ਾਬਤਾ ਲੱਗਣ ਦੀ ਉਡੀਕ ਕੀਤੀ ਜਾ ਰਹੀ ਸੀ। ਇਸ ਦੌਰਾਨ ਸ਼ਹਿਰ ’ਚ ਇਹ ਵੀ ਚਰਚਾ ਸ਼ੁਰੂ ਹੋ ਗਈ ਕਿ ਮਾਲਵਿਕਾ ਕਾਂਗਰਸ ਨਹੀਂ ‘ਆਪ’ ’ਚ ਸ਼ਾਮਲ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਅਦਾਕਾਰ ਸੋਨੂ ਸੂਦ ਨੇ ਦੋ ਦਿਨ ਪਹਿਲਾਂ ਪੰਜਾਬ ਦੇ ਸੂਬਾਈ ਆਈਕਨ ਵਜੋਂ ਅਸਤੀਫਾ ਦਿੰਦੇ ਹੋਏ ਕਿਹਾ ਸੀ ਕਿ ਉਸ ਦੀ ਭੈਣ ਮਾਲਵਿਕਾ ਸੂਦ ਨੇ ਪੰਜਾਬ ’ਚ ਵਿਧਾਨ ਸਭਾ ਚੋਣ ਲੜਨੀ ਹੈ, ਜਿਸ ਕਾਰਨ ਉਹ ਇਸ ਅਹੁਦੇ ਨੂੰ ਛੱਡ ਰਿਹਾ ਹੈ। ਉਸ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਦੇਸ਼ ਦੇ ਚੋਣ ਕਮਿਸ਼ਨ ਨਾਲ ਸਲਾਹ ਕਰਨ ਮਗਰੋਂ ਹੀ ਇਹ ਫੈ਼ਸਲਾ ਲਿਆ ਗਿਆ ਹੈ।