ਮਹਿੰਦਰ ਸਿੰਘ ਰੱਤੀਆਂ
ਮੋਗਾ, 5 ਨਵੰਬਰ
ਦੇਸ਼-ਵਿਦੇਸ਼ ’ਚ ਨੇਕ ਕੰਮਾਂ ਕਾਰਨ ਨਾਮਣਾ ਖੱਟਣ ਵਾਲੇ ਮੋਗਾ ਦੇ ਮੂਲ ਵਾਸੀ ਤੇ ਫਿਲਮ ਅਦਾਕਾਰ ਸੋਨੂੰ ਸੂਦ ਨੇ ਵੀਡੀਓ ਜਾਰੀ ਕਰ ਕੇ ਸਿਆਸੀ ਧਿਰਾਂ ਦੇ ਚੋਣ ਵਾਅਦਿਆਂ ਉੱਤੇ ਸਵਾਲ ਚੁੱਕੇ ਹਨ। ਦੂਜੇ ਪਾਸੇ ਉਨ੍ਹਾਂ ਵੱਲੋਂ ਲੰਮੇ ਸਮੇਂ ਤੋਂ ਸਿਆਸਤ ’ਚ ਆਉਣ ਦੇ ਚਰਚਿਆਂ ਨੂੰ ਖਾਰਜ ਕੀਤਾ ਜਾ ਰਿਹਾ ਹੈ।
ਉਨ੍ਹਾਂ ਵੀਡੀਓ ਜਾਰੀ ਕਰਕੇ ਕਿਹਾ ਕਿ ਸਿਆਸੀ ਪਾਰਟੀਆਂ ਨੂੰ ਆਪਣੇ ਚੋਣ ਮੈਨੀਫੈਸਟੋ ਵਿੱਚ ਕੀਤੇ ਸਾਰੇ ਵਾਅਦੇ ਸਮੇਂ ਸਿਰ ਪੂਰੇ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਲੀਡਰਾਂ ਨੂੰ ਜਨਤਾ ਨਾਲ ਚੋਣ ਵਾਅਦੇ ਕਰਨ ਸਮੇਂ ਅਸਤੀਫ਼ਾ ਵੀ ਨੱਥੀ ਕਰਨਾ ਚਾਹੀਦਾ ਹੈ, ਜੇਕਰ ਕੀਤੇ ਵਾਅਦੇ ਸਮੇਂ ਸਿਰ ਪੂਰੇ ਨਹੀਂ ਹੁੰਦੇ ਤਾਂ ਅਸਤੀਫ਼ਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿਆਸੀ ਧਿਰਾਂ ਨੂੰ ਪਿਛਲੀ ਹਕੂਮਤ ਦੇ ਕੰਮਾਂ ਵੱਲ ਝਾਤ ਮਾਰਨੀ ਚਾਹੀਦੀ ਹੈ ਕਿ ਉਹ ਕਿਸ ਕਾਰਨ ਲੋਕਾਂ ’ਚ ਵਿਸ਼ਵਾਸ ਪੈਦਾ ਕਰਨ ਵਿੱਚ ਨਾਕਾਮ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਮੁਸ਼ਕਿਲਾਂ ਦਾ ਹੱਲ ਨਾ ਹੋਣ ਕਾਰਨ ਲੋਕ ਦੁਖੀ ਹੁੰਦੇ ਹਨ। ਲੋਕਾਂ ਨੂੰ ਮੇਵਾ ਖਾਣ ਵਾਲਿਆਂ ਦੀ ਨਹੀਂ ਸੇਵਾ ਕਰਨ ਵਾਲੇ ਲੀਡਰਾਂ ਦੀ ਲੋੜ ਹੈ। ਉਨ੍ਹਾਂ ਲੋਕਾਂ ਤੱਕ ਚੋਣ ਮੈਨੀਫੈਸਟੋ ਦੀ ਪਹੁੰਚ ਬਾਰੇ ਕਿਹਾ ਕਿ ਹਰ ਬੰਦਾ ਇਸ ਨੂੰ ਨਹੀਂ ਪੜ੍ਹਦਾ ਪਰ ਆਗੂ ਮੈਨੀਫੈਸਟੋ ਦੀਆਂ ਕੁਝ ਖਾਸ ਗੱਲਾਂ ਆਪਣੇ ਭਾਸ਼ਣਾਂ ਵਿੱਚ ਜ਼ਰੂਰ ਬੋਲਦੇ ਹਨ। ਉਨ੍ਹਾਂ ਕਿਹਾ, “ਭਾਸ਼ਣਾਂ ਵਿੱਚ ਤਾਂ ਲੀਡਰ ਕੁਝ ਵੀ ਬੋਲ ਜਾਂਦੇ ਹਨ ਤੇ ਬਾਅਦ ’ਚ ਕਹਿ ਦਿੰਦੇ ਹਨ ਕਿ ਉਨ੍ਹਾਂ ਦੇ ਬਿਆਨ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਪਰ ਮੈਨੀਫੈਸਟੋ ਲਿਖ਼ਤੀ ਦਸਤਾਵੇਜ਼ ਹੈ।’’