ਪਾਲ ਸਿੰਘ ਨੌਲੀ
ਜਲੰਧਰ, 9 ਦਸੰਬਰ
ਮੱਘਰ ਦਾ ਮਹੀਨਾ ਮੁੱਕਣ ਦੇ ਨੇੜੇ ਹੈ ਅਤੇ ਨਾਲ ਹੀ ਠੰਢ ਵੀ ਆਪਣੀ ਪਕੜ ਮਜ਼ਬੂਤ ਕਰਦੀ ਜਾ ਰਹੀ ਹੈ। ਇਸੇ ਦੌਰਾਨ ਆਪਣੀ ਹੋਂਦ ਦੀ ਲੜਾਈ ਲੜ ਰਹੇ ਖੇਤਾਂ ਦੇ ਪੁੱਤ ਮੱਘਰ ਦੀਆਂ ਰਾਤਾਂ ਆਪਣੇ ਘਰਾਂ ਅਤੇ ਬੱਚਿਆਂ ਤੋਂ ਦੂਰ ਕੌਮੀ ਮਾਰਗ ’ਤੇ ਗੁਜ਼ਾਰਨ ਲਈ ਮਜਬੂਰ ਹਨ ਪਰ ਉਨ੍ਹਾਂ ਦੇ ਹੌਸਲੇ ਵੀ ਬੁਲੰਦ ਹਨ।
ਦਿੱਲੀ ਦੀ ਸਿੰਘੂ ਹੱਦ ’ਤੇ ਮੋਰਚਾ ਲਾਈ ਬੈਠੇ ਕਿਸਾਨਾਂ ਨੂੰ ਆਪਣੇ ਨਾਲੋਂ ਦੂਜਿਆਂ ਦਾ ਵੱਧ ਫ਼ਿਕਰ ਹੁੰਦਾ ਹੈ। ਉਹ ਤੜਕੇ ਤਿੰਨ ਵਜੇ ਹੀ ਉਠ ਖੜ੍ਹਦੇ ਹਨ ਅਤੇ ਇਸ਼ਨਾਨ ਤੇ ਨਿੱਤਨੇਮ ਕਰਕੇ ਚਾਹ ਦੀਆਂ ਦੇਗਾਂ ਚਾੜ੍ਹ ਦਿੰਦੇ ਹਨ। ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਹਿੱਸਿਆਂ ਤੋਂ ਵੀ ਕਿਸਾਨਾਂ ਦੀ ਹਮਾਇਤ ਵਿੱਚ ਆਉਣ ਵਾਲੀਆਂ ਟਰਾਲੀਆਂ ਤੇ ਗੱਡੀਆਂ ਪਹੁੰਚਣੀਆਂ ਸ਼ੁਰੂ ਹੋ ਜਾਂਦੀਆਂ ਹਨ। ਉਨ੍ਹਾਂ ਦੇ ਆਉਣ ਦਾ ਕਿਸਾਨਾਂ ਨੇ ਅੰਦਾਜ਼ਾ ਲਾਇਆ ਹੋਇਆ ਕਿ ਕਿੰਨੇ ਕੁ ਲੋਕ ਆਉਣੇ ਸ਼ੁਰੂ ਹੁੰਦੇ ਹਨ। ਤਾਰਿਆਂ ਦੀ ਛਾਵੇਂ ਤੇ ਠੰਢ ਵਿੱਚ ਕੰਬਲਾਂ ਦੀਆਂ ਬੁੱਕਲਾਂ ਮਾਰ ਕੇ ਉਹ ਲੰਗਰ ਵਰਤਾਉਣ ਲਈ ਆਵਾਜ਼ਾਂ ਮਾਰਨ ਲੱਗ ਪੈਂਦੇ ਹਨ ‘ਬਾਈ ਜੀ ਲੰਗਰ ਛਕ ਕੇ ਜਾਣਾ…’, ‘ਵਾਹਿਗੁਰੂ ਜੀ ਲੰਗਰ ਛਕ ਕੇ ਜਾਣਾ…’। ਦਿਨ ਦੇ ਚੜ੍ਹਾਅ ਨਾਲ ਇਹ ਆਵਾਜ਼ਾਂ ਹੋਰ ਉੱਚੀ ਹੋ ਜਾਂਦੀਆਂ ਹਨ।
ਸ਼ਾਮ ਸਿੰਘ ਅਟਾਰੀ ਦੇ ਇਲਾਕੇ ਵਿੱਚੋਂ ਆਏ ਇੱਕ 83 ਵਰ੍ਹਿਆਂ ਦੇ ਬਜ਼ੁਰਗ ਕਿਸਾਨ ਹਰਭਜਨ ਸਿੰਘ ਨੇ ਦੱਸਿਆ ਕਿ ਉਹ ਪਿੰਡ ਬਾਗੜੀਆਂ ਤੋਂ 6 ਮਹੀਨਿਆਂ ਦੇ ਲੰਗਰ ਦਾ ਸਾਮਾਨ ਲੈ ਕੇ ਆਏ ਹਨ। ਉਹ ਪਹਿਲੇ ਦਿਨ ਹੀ ਆ ਗਏ ਸਨ। ਰੋਕਾਂ ਤੋੜ ਕੇ ਪਹੁੰਚੇ ਸਨ। ਉਹ ਪਿੰਡੋਂ 10 ਜਣੇ ਆਏ ਸਨ ਤੇ ਹੁਣ ਤੱਕ ਪਿੰਡੋਂ 100 ਬੰਦਾ ਇੱਥੇ ਮੋਰਚੇ ਵਿੱਚ ਆ ਚੁੱਕਾ ਹੈ। ਕਿਸਾਨ ਟਰਾਲੀਆਂ ਵਿੱਚ ਖਾਲੀ ਹੱਥ ਨਹੀਂ ਆਉਂਦੇ ਸਗੋਂ ਲੰਗਰ ਦਾ ਸਾਮਾਨ ਨਾਲ ਲੈ ਕੇ ਆਉਂਦੇ ਹਨ।
ਰੋਪੜ ਜ਼ਿਲ੍ਹੇ ਦੇ ਪਿੰਡ ਚਤਾਮਲੀ ਤੋਂ ਨੌਜਵਾਨ ਕਿਸਾਨ ਖ਼ੁਦ ਲੰਗਰ ਤਿਆਰ ਕਰਦੇ ਹਨ ਤੇ ਸਭ ਨੂੰ ਛਕਾਉਂਦੇ ਹਨ। ਇਹ ਨੌਜਵਾਨ ਪਿੰਡੋਂ ਪੰਜ ਟਰਾਲੀਆਂ ਲੈ ਕੇ ਆਏ ਹੋਏ ਸਨ ਜਿਨ੍ਹਾਂ ਨੇ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਨਾਅਰੇ ਲਿਖੇ ਵਾਲੇ ਬੈਨਰ ਲਾਏ ਹੋਏ ਸਨ। ਇਨ੍ਹਾਂ ਨੌਜਵਾਨਾਂ ਵਿੱਚੋਂ ਜਸਵਿੰਦਰ ਸਿੰਘ, ਅਮਰਜੀਤ ਸਿੰਘ ਤੇ ਰਣਬੀਰ ਸਿੰਘ ਦਾ ਕਹਿਣਾ ਸੀ, ‘ਇਹ ਗੁਰੂ ਕਾ ਲੰਗਰ ਹੈ ਤੇ ਸਾਰਿਆਂ ਲਈ ਹੈ। ਅਸੀਂ ਇੱਥੇ ਬੈਠ ਕੇ ਆਪ ਹੀ ਨਹੀਂ ਛਕਦੇ ਸਗੋਂ ਇੱਥੇ ਆਉਣ ਵਾਲੇ ਸਾਰਿਆਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਆਵਾਜ਼ਾਂ ਮਾਰ-ਮਾਰ ਕੇ ਲੰਗਰ ਛਕਾਉਂਦੇ ਹਾਂ।’ ਇਨ੍ਹਾਂ ਨੌਜਵਾਨਾਂ ਦਾ ਕਹਿਣਾ ਸੀ ਕਿ ਉਹ ਭਾਵੇਂ ਗੁਰੂ ਘਰਾਂ ਵਿੱਚ ਸੇਵਾ ਵੀ ਕਰਦੇ ਰਹਿੰਦੇ ਹਨ ਪਰ ਇੱਥੇ ਜੋ ਸੇਵਾ ਕਰਨ ਤੇ ਲੰਗਰ ਛਕਾਉਣ ਦਾ ਆਨੰਦ ਆ ਰਿਹਾ ਹੈ, ਉਸ ਦਾ ਨਜ਼ਾਰਾ ਹੀ ਕੁਝ ਹੋਰ ਹੈ ਤੇ ਇਹ ਨਾ ਭੁੱਲਣਯੋਗ ਹੈ।