ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 17 ਅਕਤੂਬਰ
ਇਥੋਂ ਦੇ ਸਿੰਘੂ ਬਾਰਡਰ ’ਤੇ ਲਖਬੀਰ ਸਿੰਘ ਕਤਲ ਕੇਸ ਵਿੱਚ ਗ੍ਰਿਫ਼ਤਾਰ ਤਿੰਨ ਨਿਹੰਗਾਂ ਨਰਾਇਣ ਸਿੰਘ, ਭਗਵੰਤ ਸਿੰਘ ਤੇ ਗੋਬਿੰਦ ਪ੍ਰੀਤ ਸਿੰਘ ਨੂੰ 6 ਦਿਨਾਂ ਦੇ ਪੁਲੀਸ ਰਿਮਾਂਡ ’ਤੇ ਭੇਜਿਆ ਹੈ। ਕੁੰਡਲੀ ਪੁਲੀਸ ਵੱਲੋਂ ਉਨ੍ਹਾਂ ਦੇ 14 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਗਈ ਸੀ ਪਰ ਅਦਾਲਤ ਨੇ ਇਹ 6 ਦਿਨਾਂ ਲਈ ਹੀ ਦਿੱਤਾ ਗਿਆ। ਸਰਕਾਰੀ ਵਕੀਲ ਨੇ ਦੱਸਿਆ ਕਿ ਅਗਲੀ ਸੁਣਵਾਈ ਦੌਰਾਨ ਇਨ੍ਹਾਂ ਤਿੰਨਾਂ ਕਥਿਤ ਦੋਸ਼ੀਆਂ ਤੋਂ ਇਲਾਵਾ ਸਰਬਜੀਤ ਸਿੰਘ ਨੂੰ 6 ਦਿਨਾਂ ਬਾਅਦ ਇਕੱਠੇ ਹੀ ਅਦਾਲਤ ਵਿੱਚ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਗਏ ਹਨ। ਪੁਲੀਸ ਤਿੰਨਾਂ ਤੋਂ ਹੋਰ ਜਾਣਕਾਰੀ ਲੈ ਕੇ ਪੰਜਾਬ ’ਚ ਜਾਂਚ ਕਰੇਗੀ ਤੇ ਨਾਲ ਗ੍ਰਿਫ਼ਤਾਰ ਨਿਹੰਗਾਂ ਨੂੰ ਲੈ ਕੇ ਜਾਵੇਗੀ। ਇਸ ਕਾਰਨ ਹੋਰ ਗ੍ਰਿਫ਼ਤਾਰੀਆਂ ਵੀ ਹੋ ਸਕਦੀਆਂ ਹਨ।
ਇਸੇ ਦੌਰਾਨ ਹਰਿਆਣਾ ਪੁਲੀਸ ਨੇ ਮਾਮਲੇ ਦੀ ਜਾਂਚ ਲਈ ਦੋ ਵਿਸ਼ੇਸ਼ ਜਾਂਚ ਟੀਮਾਂ (ਐੱਸਆਈਟੀਜ਼) ਗਠਿਤ ਕੀਤੀਆਂ ਹਨ। ਏਐੱਸਪੀ ਖਰਖੋਦਾ ਮਯੰਕ ਗੁਪਤਾ ਦੀ ਅਗਵਾਈ ਵਾਲੀ ਪਹਿਲੀ ਐੱਸਆਈਟੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਵੀਡੀਓਜ਼ ਦੀ ਜਾਂਚ ਕਰੇਗੀ ਜਦਕਿ ਡੀਐੱਸਪੀ ਸੋਨੀਪਤ ਵਿਰੇਂਦਰ ਸਿੰਘ ਦੀ ਅਗਵਾਈ ਹੇਠਲੀ ਦੂਜੀ ਐੱਸਆਈਟੀ ਮਾਮਲੇ ਦੀ ਸਮੁੱਚੀ ਜਾਂਚ ਕਰੇਗੀ।