ਪੱਤਰ ਪ੍ਰੇਰਕ
ਧਾਰੀਵਾਲ, 16 ਜੂਨ
ਪੁਲੀਸ ਨੇ ਪੰਜਾਬ ਦੇ ਨਾਮਵਰ ਗਾਇਕ ਮਰਹੂਮ ਅਮਰ ਸਿੰਘ ਚਮਕੀਲਾ ਦਾ ਪੁੱਤਰ ਜੈਮੱਲਜੀਤ ਸਿੰਘ ਉਰਫ ਜੈਮੱਲ ਤੇ ਉਸ ਦੇ ਸਾਥੀ ਨੂੰ ਇਕ ਕਿੱਲੋ 7 ਗ੍ਰਾਮ ਅਫੀਮ ਸਣੇ ਕਾਬੂ ਕੀਤਾ ਹੈ। ਦੋਵੇਂ ਜਣੇ ਕਾਰ ’ਤੇ ਧਾਰੀਵਾਲ ਆ ਰਹੇ ਸੀ। ਡੀਐੱਸਪੀ ਕੁਲਵਿੰਦਰ ਸਿੰਘ ਵਿਰਕ ਤੇ ਥਾਣਾ ਮੁਖੀ ਨੇ ਦੱਸਿਆ ਕਿ ਪੁਲੀਸ ਪਾਰਟੀ ਬਾਈਪਾਸ ਪੁਲ ਖੁੰਡਾ ਨੇੜੇ ਵਾਹਨਾਂ ਦੀ ਜਾਂਚ ਕਰ ਰਹੀ ਸੀ। ਇਸ ਦੌਰਾਨ ਇਕ ਕਾਰ ਨੂੰ ਰੋਕਿਆ ਜਿਸ ’ਚੋਂ ਅਫੀਮ ਬਰਾਮਦ ਹੋਈ। ਮੁਲਜ਼ਮਾਂ ਦੀ ਪਛਾਣ ਜੈਮੱਲਜੀਤ ਸਿੰਘ ਉਰਫ ਜੈਮੱਲ ਪੁੱਤਰ ਅਮਰ ਸਿੰਘ ਚਮਕੀਲਾ ਵਾਸੀ ਜਮਾਲਪੁਰ ਕਲੋਨੀ ਲੁਧਿਆਣਾ ਤੇ ਰਾਜ ਕੁਮਾਰ ਉਰਫ ਜਿੰਦਾ ਵਾਸੀ ਦਿੱਲੀ ਵਜੋਂ ਹੋਈ। ਪੁਲੀਸ ਨੇ ਦੋਵਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਥਾਣਾ ਮੁਖੀ ਮਨਜੀਤ ਸਿੰਘ ਨੇ ਦੱਸਿਆ ਕਿ ਅਦਾਲਤ ਨੇ ਮੁਲਜ਼ਮਾਂ ਨੂੰ ਦੋ ਦਿਨ ਦੇ ਰਿਮਾਂਡ ’ਤੇ ਭੇਜ ਦਿੱਤਾ ਹੈ। ਉਹ ਇਹ ਅਫੀਮ ਰਾਜਸਥਾਨ ਤੋਂ ਲਿਆਏ ਸਨ।