ਦਲਬੀਰ ਸੱਖੋਵਾਲੀਆ
ਬਟਾਲਾ, 3 ਮਾਰਚ
ਇਥੋਂ ਦੇ ਛੇ ਨੌਜਵਾਨ ਯੂਕਰੇਨ ਵਿੱਚ ਫਸ ਗਏ ਹਨ। ਨੌਜਵਾਨਾਂ ਦੇ ਹਾਲੇ ਤੱਕ ਘਰ ਨਾ ਪਰਤਣ ਕਾਰਨ ਮਾਪਿਆਂ ਦੀ ਚਿੰਤਾ ਵਧ ਗਈ ਹੈ। ਉਂਝ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਕੁੱਲ 46 ਵਿਦਿਆਰਥੀ ਪੜ੍ਹਾਈ ਲਈ ਯੂਕਰੇਨ ਗਏ ਹੋਏ ਹਨ ਪਰ ਇਨ੍ਹਾਂ ’ਚੋਂ ਹਾਲੇ ਤੱਕ ਦੋ ਵਿਦਿਆਰਥੀ ਹੀ ਘਰਾਂ ਨੂੰ ਪਰਤੇ ਹਨ। ਬਟਾਲਾ ਦੇ ਕਪੂਰੀ ਗੇਟ ਦੇ ਰਾਜਿੰਦਰ ਕੁਮਾਰ ਨੇ ਦੱਸਿਆ ਕਿ ਉਸ ਦਾ ਪੁੱਤਰ ਵਿਸ਼ਾਲ ਸ਼ਰਮਾ ਸੁਮੀ ਦੀ ਯੂਨੀਵਰਸਿਟੀ ਤੋਂ ਐਮਬੀਬੀਐਸ ਕਰ ਰਿਹਾ ਹੈ। ਉਹ ਇਸ ਵੇਲੇ ਬੰਕਰ ਵਿੱਚ ਫਸੇ ਹੋਏ ਹਨ। ਵਿਸ਼ਾਲ ਨੇ ਪਿਤਾ ਨਾਲ ਗੱਲ ਕਰਦਿਆਂ ਦੱਸਿਆ ਕਿ ਉੱਥੇ ਖਾਣ-ਪੀਣ ਦੀ ਭਾਰੀ ਕਿੱਲਤ ਹੈ ਤੇ ਉਸ ਨਾਲ ਕਰੀਬ ਸੱਤ ਸੌ ਹੋਰ ਵਿਦਿਆਰਥੀ ਹਨ। ਉਨ੍ਹਾਂ ਕੋਲ ਹੁਣ ਤੱਕ ਕੋਈ ਮਦਦ ਨਹੀਂ ਪਹੁੰਚੀ। ਇਸੇ ਤਰ੍ਹਾਂ ਯੂਕਰੇਨ ਦੇ ਸੁਮੀ ਪ੍ਰਾਂਤ ਦੀ ਯੂਨੀਵਰਸਿਟੀ ਵਿੱਚ ਇੱਕ ਹੋਰ ਵਿਦਿਆਰਥੀ ਦੇ ਪਿਤਾ ਸੁਰੇਸ਼ ਨੇ ਦੱਸਿਆ ਕਿ ਉਸ ਦਾ ਪੁੱਤਰ ਸੌਰਵ ਸ਼ਰਮਾ ਤੇ ਭਤੀਜਾ ਗੁਸ਼ਾਂਤ ਸ਼ਰਮਾ ਦੋਵੇਂ ਹੋਸਟਲ ਵਿੱਚ ਫਸੇ ਹੋਏ ਹਨ। ਹੁਣ ਉਨ੍ਹਾਂ ਕੋਲ ਪੈਸੇ ਵੀ ਮੁੱਕਣ ਵਾਲੇ ਹਨ ਤੇ ਖਾਣ ਪੀਣ ਦੀਆਂ ਚੀਜ਼ਾਂ ਦੀ ਥੁੜ੍ਹ ਹੈ। ਉਨ੍ਹਾਂ ਦੱਸਿਆ ਕਿ ਸੁਮੀ ਪ੍ਰਾਂਤ ਤਾਂ ਰੂਸ ਤੋਂ ਮਹਿਜ਼ 40 ਕਿਲੋਮੀਟਰ ਦੀ ਦੂਰੀ ’ਤੇ ਹੈ। ਜੇਕਰ ਭਾਰਤ ਸਰਕਾਰ ਰੂਸ ਨਾਲ ਗੱਲ ਕਰੇ ਤਾਂ ਸੁਮੀ ਵਿੱਚ ਫਸੇ ਵਿਦਿਆਰਥੀਆਂ ਨੂੰ ਰੂਸ ਰਸਤੇ ਭਾਰਤ ਲਿਆਂਦਾ ਜਾ ਸਕਦਾ ਹੈ ਕਿਉਂਕਿ ਸੁਮੀ ਪ੍ਰਾਂਤ ਤੋਂ ਪੋਲੈਂਡ 1100 ਕਿਲੋਮੀਟਰ ਦੂਰ ਹੈ। ਇਸੇ ਤਰ੍ਹਾਂ ਬਟਾਲਾ ਦੇ ਸ਼ਾਸਤਰੀ ਨਗਰ ਦੀ ਸੁਖਮਨਜੀਤ ਕੌਰ, ਹੁਨਰਪ੍ਰੀਤ ਕੌਰ, ਕਾਰਤਿਕ ਬਾਵਾ ਕਹਾਨੂੰਵਾਨ ਰੋਡ ਤੇ ਵਿਸ਼ਾਲ ਸ਼ਰਮਾ ਫਸੇ ਹੋਏ ਹਨ।