ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 27 ਫਰਵਰੀ
ਡਾਕਟਰ ਬਣਨ ਲਈ ਯੂਕਰੇਨ ਗਏ ਵਿਦਿਆਰਥੀ ਅਤੇ ਇਧਰ ਰਹਿ ਰਹੇ ਉਨ੍ਹਾਂ ਦੇ ਮਾਪਿਆਂ ਦੀ ਪ੍ਰੇਸ਼ਾਨੀ ਦਿਨੋ-ਦਿਨ ਵੱਧਦੀ ਜਾ ਰਹੀ ਹੈ। ਖਾਰਕੋਵ ਮੈਡੀਕਲ ਯੂਨੀਵਰਸਿਟੀ ਦੀ ਮੈਸ ’ਚੋਂ ਢਾਈ ਸੌ ਵਿਦਿਆਰਥੀ ਖਾਣਾ ਖਾ ਰਹੇ ਹਨ। ਜਲਦੀ ਹੀ ਇਹ ਖਾਣਾ ਵੀ ਖ਼ਤਮ ਹੋ ਜਾਵੇਗਾ। ਯੂਕਰੇਨ ਵਿੱਚ ਸਿਰਫ ਮਸ਼ੀਨੀ ਫਿਲਟਰ ਪਾਣੀ ਹੀ ਪੀਤਾ ਜਾ ਸਕਦਾ ਹੈ ਤੇ ਉਸ ਦਾ ਵੀ ਸੰਕਟ ਖੜ੍ਹਾ ਹੋ ਰਿਹਾ ਹੈ। ਵਿਦਿਆਰਥੀ ਅਮੀਸ਼ ਚਾਵਲਾ, ਮਹਿਕਪ੍ਰੀਤ ਕੌਰ ਅਤੇ ਜੈਸਮੀਨ ਕੌਰ ਨੇ ਦੱਸਿਆ ਕਿ ਮਾਰਕੀਟ ’ਚ ਦੁੱਧ ਤੇ ਬਰੈੱਡ ਖ਼ਤਮ ਹੋ ਗਏ ਹਨ। ਉਨ੍ਹਾਂ ਨੂੰ 1-1 ਪੈਕਟ ਬਿਸਕੁਟ ਦੇ ਮਿਲੇ ਹਨ। ਕੋਈ ਅਧਿਕਾਰੀ ਉਨ੍ਹਾਂ ਦੇ ਸੰਪਰਕ ਵਿੱਚ ਨਹੀਂ ਹੈ। ਕੁਝ ਬੱਚੇ ਕੀਵ ਜਾਣ ਵਾਲੀ ਰੇਲ ਗੱਡੀ ਵਿਚ ਚੜ੍ਹ ਗਏ ਪਰ ਉਨ੍ਹਾਂ ਨੂੰ ਰਾਹ ਵਿਚ ਹੀ ਉਤਾਰ ਦਿੱਤਾ ਗਿਆ। ਹੁਣ ਉਹ ਅਸੁਰੱਖਿਅਤ ਰੁਲ ਰਿਹੇ ਹਨ।
ਗੁਰੂ ਗੋਬਿੰਦ ਸਿੰਘ ਪਾਰਕ ਵਿਚ ਇਕੱਤਰ ਹੋਏ ਰਣਜੀਤ ਸਿੰਘ ਥਾਂਦੇਵਾਲਾ, ਅਸ਼ੋਕ ਕੁਮਾਰ, ਗੁਰਤੇਜ ਸਿੰਘ, ਤੇਜਿੰਦਰ ਸਿੰਘ, ਗੁਰਮੁਖ ਸਿੰਘ, ਅਨਿਲ ਕੁਮਾਰ, ਅਵਤਾਰ ਸਿੰਘ ਸਮਰਾ ਅਤੇ ਹੋਰਾਂ ਨੇ ਕਿਹਾ ਕਿ ਯੂਕਰੇਨ ਵਿਚ ਬੀਤੇ ਕਈ ਦਿਨਾਂ ਤੋਂ ਚੱਲ ਰਹੇ ਤਣਾਅ ਦੇ ਬਾਵਜੂਦ ਭਾਰਤ ਸਰਕਾਰ ਨੇ ਇਸ ਦਾ ਕੋਈ ਨੋਟਿਸ ਨਹੀਂ ਲਿਆ। ਉਨ੍ਹਾਂ ਦੱਸਿਆ ਕਿ ਅਸਲ ਸਮੱਸਿਆ ਖਾਰਕੋਵ ਅਤੇ ਕੀਵ ਵਰਗੇ ਸ਼ਹਿਰਾਂ ਦੀ ਹੈ। ਇਹ ਰੂਸ ਦੀ ਸਰਹੱਦ ਨਾਲ ਲੱਗਦੇ ਹਨ। ਇਨ੍ਹਾਂ ਵਿਦਿਆਰਥੀਆਂ ਨੂੰ ਰੂਸ ਵਿਚੋਂ ਸੁਰੱਖਿਅਤ ਲਾਂਘਾ ਮਿਲ ਸਕਦਾ ਹੈ ਪਰ ਭਾਰਤ ਸਰਕਾਰ ਰੂਸ ਨਾਲ ਕੋਈ ਗੱਲ ਨਹੀਂ ਕਰ ਰਹੀ। ਖਾਰਕੋਵ ਦੇ ਵਿਦਿਆਰਥੀਆਂ ਲਈ ਸੈਂਕੜੇ ਕਿਲੋਮੀਟਰ ਸਫਰ ਕਰ ਕੇ ਪੋਲੈਂਡ, ਹੰਗਰੀ, ਅਰਮਾਨੀਆ ਜਾਣਾ ਸੰਭਵ ਨਹੀਂ। ਭਾਜਪਾ ਦੇ ਸੀਨੀਅਰ ਆਗੂ ਰਾਜੇਸ਼ ਕੁਮਾਰ ਗੋਰਾ ਪਠੇਲਾ ਨੇ ਦੱਸਿਆ ਕਿ ਉਨ੍ਹਾਂ ਨੇ ਵਿਦਿਆਰਥੀਆਂ ਦੀ ਸੂਚੀ ਪ੍ਰਧਾਨ ਮੰਤਰੀ ਦਫ਼ਤਰ ਭੇਜ ਦਿੱਤੀ ਹੈ। ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਵੀ ਕਿਹਾ ਕਿ ਉਹ ਲਗਾਤਾਰ ਵਿਦੇਸ਼ ਵਿਭਾਗ ਦੇ ਸੰਪਰਕ ਵਿੱਚ ਹਨ।
ਵਿਦਿਆਰਥੀਆਂ ਨੂੰ ਬਾਹਰ ਨਾ ਨਿਕਲਣ ਦੀ ਹਦਾਇਤ
ਵਿਦਿਆਰਥੀਆਂ ਨੂੰ ਯੂਕਰੇਨ ਭੇਜਣ ਵਾਲੀ ਏਜੰਸੀ ਦੇ ਯੂਕਰੇਨ ਸਥਿਤ ਪ੍ਰਬੰਧਕ ਡਾ. ਕਰਨ ਸੰਧੂ ਨੇ ਦੱਸਿਆ ਕਿ ਖਾਰਕੋਵ ਦੀਆਂ ਗਲੀਆਂ ਵਿੱਚ ਰੂਸੀ ਅਤੇ ਯੂਕਰੇਨੀਅਨ ਫ਼ੌਜ ਵਿਚ ਆਹਮੋ-ਸਾਹਮਣੇ ਲੜਾਈ ਹੋ ਰਹੀ ਹੈ। ਇਸ ਲਈ ਕੋਈ ਵੀ ਵਿਦਿਆਰਥੀ ਬਾਹਰ ਨਾ ਨਿਕਲੇ। ਖਾਣ-ਪੀਣ ਦੀ ਸਮੱਸਿਆ ਹੈ ਪਰ ਫਿਰ ਵੀ ਕੋਈ ਬਾਹਰ ਨਾ ਨਿਕਲੇ।