ਐੱਨਪੀ ਧਵਨ
ਪਠਾਨਕੋਟ, 26 ਫਰਵਰੀ
ਭਾਰਤੀ ਫੌਜ ਦੀ ਖ਼ੁਫੀਆ ਜਾਣਕਾਰੀ ਪਾਕਿਸਤਾਨੀ ਏਜੰਸੀਆਂ ਨੂੰ ਭੇਜਣ ਦੇ ਦੋਸ਼ ਹੇਠ ਸੀਏ ਸਟਾਫ ਪਠਾਨਕੋਟ ਵੱਲੋਂ ਭਾਰਤੀ ਫ਼ੌਜ ਵਿੱਚ ਬਤੌਰ ਨਾਇਕ ਤਾਇਨਾਤ ਇੱਕ ਫ਼ੌਜੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਉਸ ਦੇ ਇੱਕ ਹੋਰ ਅਣਪਛਾਤੇ ਸਾਥੀ ਦੀ ਭਾਲ ਕੀਤੀ ਜਾ ਰਹੀ ਹੈ। ਦੋਵੇਂ ਮੁਲਜ਼ਮਾਂ ਖ਼ਿਲਾਫ਼ ਥਾਣਾ ਸਦਰ ਪਠਾਨਕੋਟ ’ਚ ਕੇਸ ਦਰਜ ਕੀਤਾ ਗਿਆ ਹੈ। ਉਕਤ ਫ਼ੌਜੀ ਦੀ ਪਛਾਣ ਨਵਜੋਤ ਸਿੰਘ ਵਾਸੀ ਤਲਵੰਡੀ ਭਾਰਥਵਾਲ ਥਾਣਾ ਘਣੀਆ ਕੇ ਬਾਂਗਰ ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ। ਫ਼ੌਜੀ ਅਧਿਕਾਰੀਆਂ ਵੱਲੋਂ ਇਸ ਸਬੰਧੀ ਜਾਂਚ ਆਰੰਭ ਦਿੱਤੀ ਗਈ ਹੈ ਅਤੇ ਉਕਤ ਫ਼ੌਜੀ ਕੋਲ ਮੌਜੂਦ ਸੰਚਾਰ ਦੇ ਸਾਰੇ ਉਪਕਰਨ ਜ਼ਬਤ ਕਰ ਲਏ ਗਏ ਹਨ। ਸੀਏ ਸਟਾਫ ਦੇ ਇੰਸਪੈਕਟਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਸਰਨਾ ਪੁਲ ’ਤੇ ਪੁਲੀਸ ਪਾਰਟੀ ਤੇ ਮੌਜੂਦ ਸੀ। ਇਸੇ ਦੌਰਾਨ ਉਸ ਨੂੰ ਭਰੋਸੇਯੋਗ ਸੂਤਰਾਂ ਤੋਂ ਇਤਲਾਹ ਮਿਲੀ ਕਿ ਨਵਜੋਤ ਸਿੰਘ ਕੋਲ ਇੱਕ ਮੋਬਾਈਲ ਨੰਬਰ ਚੱਲ ਰਿਹਾ ਹੈ, ਜਿਸ ’ਤੇ ਉਹ ਆਪਣੇ ਸਾਥੀਆਂ ਨਾਲ ਰਲ ਕੇ ਸੋਸ਼ਲ ਮੀਡੀਆ ਰਾਹੀਂ ਭਾਰਤੀ ਫ਼ੌਜ ਦੀ ਹਰਕਤ, ਜੰਗੀ ਤਿਆਰੀਆਂ ਤੇ ਹੋਰ ਖੁਫ਼ੀਆ ਜਾਣਕਾਰੀਆਂ ਹਾਸਲ ਕਰਕੇ ਪਾਕਿਸਤਾਨ ਦੇ ਅਧਿਕਾਰੀਆਂ ਤੇ ਏਜੰਸੀਆਂ ਨੂੰ ਭੇਜਦਾ ਹੈ। ਇਸ ਮਗਰੋਂ ਉਕਤ ਪੁਲੀਸ ਮੁਲਾਜ਼ਮਾਂ ਵੱਲੋਂ ਨਵਜੋਤ ਸਿੰਘ ਨੂੰ ਕਾਬੂ ਕਰਕੇ ਨਵਜੋਤ ਅਤੇ ਉਸ ਦੇ ਅਣਪਛਾਤੇ ਸਾਥੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ।