ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 27 ਜੂਨ
ਪਿੰਗਲਵਾੜਾ ਵਿੱਚ ਪਲ ਕੇ ਵੱਡੇ ਹੋ ਰਹੇ ਸੋਹਣਾ ਤੇ ਮੋਹਣਾ ਹੁਣ ਜਲਦੀ ਹੀ ਭਾਰਤ ਦੇ ਵੋਟਰ ਬਣ ਜਾਣਗੇ। ਉਨ੍ਹਾਂ ਦੇ ਵੋਟਰ ਕਾਰਡ ਬਣਾਉਣ ਲਈ ਲੋੜੀਂਦੀ ਕਾਰਵਾਈ ਕੀਤੀ ਗਈ ਹੈ। ਸੋਹਣਾ ਤੇ ਮੋਹਣਾ ਇਕ ਸਰੀਰ ਅਤੇ ਦੋ ਧੜ ਵਾਲੇ ਨੌਜਵਾਨ ਹਨ ਅਤੇ ਦੋਵੇਂ 18 ਵਰ੍ਹਿਆਂ ਦੇ ਹੋ ਗਏ ਹਨ। ਜ਼ਿਲ੍ਹਾ ਪ੍ਰਸ਼ਾਸਨ ਨੇ ਬੀਤੇ ਦਿਨ ਇਨ੍ਹਾਂ ਦੇ ਵੋਟਰ ਸ਼ਨਾਖਤੀ ਕਾਰਡ ਲਈ ਲੋੜੀਂਦੇ ਫਾਰਮ ਭਰੇ ਗਏ ਹਨ। ਦੋਵਾਂ ਨੇ ਬੜੇ ਚਾਅ ਨਾਲ ਵੋਟ ਬਣਵਾਉਣ ਲਈ ਫਾਰਮ ਨੰਬਰ 6 ਵੱਖ ਵੱਖ ਭਰਿਆ ਗਿਆ ਹੈ ਪਰ ਚੋਣਾਂ ਵੇਲੇ ਕੀ ਇਨ੍ਹਾਂ ਦੀ ਇਕ ਵੋਟ ਗਿਣੀ ਜਾਵੇਗੀ ਜਾਂ ਦੋ ਵੋਟਾਂ ਹੋਣਗੀਆਂ, ਇਸ ਬਾਰੇ ਫਿਲਹਾਲ ਭੇਦ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਇੱਕ ਅੜਿੱਕਾ ਇਹ ਵੀ ਹੋਵੇਗਾ ਕਿ ਦੋਵੇਂ ਇਕੱਠੇ ਬੂਥ ਅੰਦਰ ਆਪੋ-ਆਪਣੀ ਵੋਟ ਕਿਵੇਂ ਪਾ ਸਕਣਗੇ ਕਿਉਂਕਿ ਚੋਣ ਨਿਯਮ ਅਨੁਸਾਰ ਇਕ ਵੇਲੇ ਸਿਰਫ ਇਕ ਵਿਅਕਤੀ ਹੀ ਵੋਟ ਪਾ ਸਕਦਾ ਹੈ।
ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਆਖਿਆ ਕਿ ਇਸ ਸਬੰਧੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ ਵਾਚਣੇ ਪੈਣਗੇ ਕਿ ਕੀ ਇਨ੍ਹਾਂ ਦੋਵਾਂ ਨੂੰ ਇਕ ਵੋਟਰ ਵਜੋਂ ਮੰਨਿਆ ਜਾਵੇਗਾ ਜਾਂ ਦੋਵਾਂ ਦੇ ਵੱਖਰੇ ਵੋਟਰ ਕਾਰਡ ਬਣਨਗੇ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਕਿਸੇ ਸੂਬੇ ਵਿੱਚ ਅਜਿਹਾ ਮਾਮਲਾ ਸਾਹਮਣੇ ਆ ਚੁੱਕਿਆ ਹੈ ਅਤੇ ਉਹ ਇਸ ਬਾਰੇ ਪਤਾ ਲਾਉਣ ਦੀ ਕੋਸ਼ਿਸ਼ ਕਰਨਗੇ।
ਪਿੰਗਲਵਾੜਾ ਦੀ ਮੁਖੀ ਡਾ. ਇੰਦਰਜੀਤ ਕੌਰ ਨੇ ਆਖਿਆ ਕਿ ਸੋਹਣਾ ਤੇ ਮੋਹਣਾ ਭਾਵੇਂ ਇਕ ਸਰੀਰ ਵਿੱਚ ਹਨ ਪਰ ਦੋਵੇਂ ਵੱਖ ਵੱਖ ਸ਼ਖ਼ਸੀਅਤਾਂ ਹਨ। ਦੋਵਾਂ ਦੀ ਆਪਣੀ ਵੱਖਰੀ ਪਸੰਦ ਹੈ, ਵੱਖੋ-ਵੱਖਰੀ ਸੋਚ ਹੈ ਅਤੇ ਦਿਮਾਗ ਵੀ ਵੱਖਰੇ ਹਨ। ਦੋਵੇਂ ਇਸ ਵੇਲੇ ਆਈਟੀਆਈ ਦਾ ਇਲੈਕਟ੍ਰੀਕਲ ਉਪਕਰਨਾਂ ਬਾਰੇ ਕੋਰਸ ਕਰ ਰਹੇ ਹਨ। ਦੱਸਣਯੋਗ ਹੈ ਕਿ ਸੋਹਣਾ ਤੇ ਮੋਹਣਾ ਦਾ ਜਨਮ 14 ਜੂਨ, 2003 ਨੂੰ ਦਿਲੀ ਦੇ ਸੁਚੇਤਾ ਕ੍ਰਿਪਲਾਨੀ ਹਸਪਤਾਲ ਵਿੱਚ ਹੋਇਆ ਸੀ।