ਜੋਗਿੰਦਰ ਸਿੰਘ ਮਾਨ
ਮਾਨਸਾ, 17 ਜੁਲਾਈ
ਮਾਲਵਾ ਖੇਤਰ ਵਿੱਚ ਚਿੱਟੀ ਮੱਖੀ ਅਤੇ ਗੁਲਾਬੀ ਸੁੰਡੀ ਦਾ ਹਮਲਾ ਬੇਕਾਬੂ ਹੋਣ ਤੋਂ ਬਾਅਦ ਕਿਸਾਨਾਂ ਵੱਲੋਂ ਨਰਮੇ ਦੀ ਵਾਹੀ ਲਗਾਤਾਰ ਜਾਰੀ ਹੈ। ਖੇਤਰ ਵਿੱਚ ਅੱਜ ਬਹੁਤ ਸਾਰੇ ਕਿਸਾਨਾਂ ਵੱਲੋਂ ਨਰਮੇ ਦੀ ਫ਼ਸਲ ਨੂੰ ਵਾਹਿਆ ਗਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਹੁਣ ਚਿੱਟੀ ਮੱਖੀ ਦਾ ਡੰਗ ਬੇਕਾਬੂ ਹੋਣ ਲੱਗਿਆ ਹੈ, ਇਸ ਲਈ ਫਸਲ ਨੂੰ ਵਾਹਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਅੱਜ ਪਿੰਡ ਅਕਲੀਆ, ਮਾਨਬੀਬੜੀਆਂ, ਕੋਟਲੀ ਖੁਰਦ, ਮੂਸਾ ਸਮੇਤ ਹੋਰਨਾਂ ਪਿੰਡਾਂ ਵਿੱਚ ਨਰਮੇ ਦੀ ਫ਼ਸਲ ਵਾਹੀ ਗਈ ਹੈ। ਪਿੰਡ ਅਕਲੀਆ ਦੇ ਕਿਸਾਨ ਗੁਰਸੇਵਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਨਰਮੇ ਦੇ ਬੀਜ ਨੂੰ ਬੜੇ ਮਹਿੰਗੇ ਭਾਅ ’ਤੇ ਖਰੀਦ ਕੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀਆਂ ਸਿਫਾਰਸ਼ਾਂ ਅਨੁਸਾਰ ਬੀਜਿਆ ਸੀ, ਪਰ ਅੱਜ ਸੁੰਡੀ ਦੇ ਹਮਲੇ ਕਾਰਨ ਵਾਹ ਦਿੱਤਾ ਹੈ।
ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਆਗੂ ਬੂਟਾ ਸਿੰਘ ਅਕਲੀਆ ਨੇ ਕਿਹਾ ਕਿ ਕਿਸਾਨਾਂ ਨੇ ਸੁਫਨੇ ਲੈ ਕੇ ਨਰਮੇ ਦੀ ਫ਼ਸਲ ਬੀਜੀ ਸੀ, ਪਰ ਗੁਲਾਬੀ ਸੁੰਡੀ ਨੇ ਉਨ੍ਹਾਂ ਦੇ ਸੁਫ਼ਨੇ ਤੋੜ ਦਿੱਤੇ ਹਨ। ਉਨ੍ਹਾਂ ਸਰਕਾਰ ਕੋਲੋਂ ਮੰਗ ਕੀਤੀ ਕਿ ਗੁਲਾਬੀ ਸੁੰਡੀ ਦੀ ਰੋਕਥਾਮ ਕੀਤੀ ਜਾਵੇ ਅਤੇ ਕਿਸਾਨਾਂ ਨੂੰ ਪ੍ਰਤੀ ਏਕੜ 60,000 ਰੁਪਏ ਮੁਆਵਜ਼ਾ ਦਿੱਤਾ ਜਾਵੇ ਤੇ ਨਰਮੇ ਦੀ ਗਿਰਦਾਵਰੀ ਪਾਰਦਰਸ਼ੀ ਕਰਵਾਈ ਜਾਵੇ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਦਰਸ਼ਨ ਸਿੰਘ ਗੁਰਨੇ ਕਲਾਂ ਨੇ ਕਿਹਾ ਕਿ ਗੁਲਾਬੀ ਸੁੰਡੀ ਨੇ ਨਰਮੇ ਦੀ ਫਸਲ ਨੂੰ ਬਰਬਾਦ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਸ ਸਬੰਧੀ ਨਰਮਾ ਪੱਟੀ ਦੇ ਕਿਸਾਨਾਂ ਵਿੱਚ ਸਰਕਾਰ ਪ੍ਰਤੀ ਰੋਸ ਵਧਦਾ ਜਾ ਰਿਹਾ ਹੈ ਕਿਉਂਕਿ ਕੁਰਸੀਆਂ ’ਤੇ ਬੰਦੇ ਬਦਲ ਗਏ ਹਨ ਪਰ ਨੀਤੀਆਂ ਉਹੀ ਹਨ, ਜਦੋਂ ਕਿ ਖੇਤੀਬਾੜੀ ਅਫ਼ਸਰ ਖੇਤਾਂ ਵਿੱਚ ਸਿਰਫ਼ ਖਾਨਾਪੂਰਤੀ ਕਰਨ ਲਈ ਆਉਂਦੇ ਹਨ।
ਰਾਮਪੁਰ ਮੰਡੇਰ ਦੇ ਕਿਸਾਨਾਂ ਨੇ ਵੀ ਫਸਲ ਵਾਹੀ
ਬੋਹਾ (ਪੱਤਰ ਪ੍ਰੇਰਕ): ਪਿੰਡ ਰਾਮਪੁਰ ਮੰਡੇਰ ਦੇ ਮਨਜੀਤ ਸਿੰਘ ਪੁੱਤਰ ਹਰਪਾਲ ਸਿੰਘ ਤੇ ਸੁਖਪਾਲ ਸਿੰਘ ਕਾਲਾ ਨੇ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਆਪਣੀ ਦੋ-ਦੋ ਏਕੜ ਨਰਮੇ ਦੀ ਫਸਲ ਵਾਹ ਦਿੱਤੀ। ਇਨ੍ਹਾਂ ਕਿਸਾਨਾਂ ਨੇ ਦੱਸਿਆ ਕਿ ਨਰਮੇ ਵਿੱਚ ਗੁਲਾਬੀ ਸੁੰਡੀ ਤੇ ਚਿੱਟੇ ਮੱਛਰ ਦਾ ਹਮਲਾ ਇਸ ਵਾਰ ਏਨਾ ਭਿਆਨਕ ਹੈ ਕਿ ਕੋਈ ਵੀ ਸਪਰੇਅ ਅਸਰ ਨਹੀਂ ਕਰ ਰਹੀ।