ਬਲਵਿੰਦਰ ਰੈਤ
ਨੂਰਪੁਰ ਬੇਦੀ, 13 ਮਈ
ਇਥੇ ਇਕ ਪਿੰਡ ਦੀ ਮੋਟਰ ’ਤੇ ਇਕ 65 ਸਾਲਾ ਬਜ਼ੁਰਗ ਮੰਦਹਾਲੀ ’ਚ ਜੀਵਨ ਬਸਰ ਕਰ ਰਿਹਾ ਸੀ ਜੋ ਪਿੰਡ ਬੜਾ ਟੌਂਸਾ ਨੇੜੇ ਆਸਰੋਂ ਦਾ ਦੱਸਿਆ ਜਾ ਰਿਹਾ ਹੈ। ਬਜ਼ੁਰਗ ਦਿਹਾੜੀ ਕਰਦਾ ਸੀ ਜੋ ਪਿਛਲੇ ਕਰੀਬ ਦੋ ਸਾਲ ਤੋਂ ਹਾਦਸੇ ਦਾ ਸ਼ਿਕਾਰ ਹੋਣ ਮਗਰੋਂ ਦਰਦ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਸੀ, ਹਾਦਸੇ ’ਚ ਲੱਤ ਤੇ ਪੱਟ ’ਤੇ ਸੱਟ ਲੱਗਣ ਕਾਰਨ ਉਹ ਤੁਰਨ ਫਿਰਨ ਤੋਂ ਅਵਾਜ਼ਾਰ ਹੋ ਗਿਆ। ਉਸ ਦਾ ਪੁੱਤਰ ਵੀ ਦਿਹਾੜੀ ਕਰਦਾ ਹੈ ਜੋ ਨਸ਼ੇ ਦਾ ਆਦੀ ਹੋਣ ਕਾਰਨ ਆਪਣੇ ਪਿਓ ਦੀ ਸਾਂਭ ਸੰਭਾਲ ਵਿੱਚ ਅਣਗਹਿਲੀ ਕਰਦਾ ਰਿਹਾ। ਮੋਟਰ ਦੇ ਕਮਰੇ ਵਿੱਚ ਨਾ ਲਾਈਟ, ਨਾ ਪੱਖਾ ਤੇ ਨਾ ਹੋਈ ਹੋਰ ਸਹੂਲਤ ਹੋਣ ਕਾਰਨ ਉਹ ਮੰਜੇ ਤੇ ਆਪਣਾ ਪਖਾਨਾ ਕਰਦਾ ਸੀ। ਇਸ ਸਬੰਧੀ ਪਰਮਜੀਤ ਸਿੰਘ ਅਬਿਆਣਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸ ਥਾਂ ’ਤੇ ਪਹੁੰਚੇ। ਬਜ਼ੁਰਗ ਦੀ ਗਰਦਨ ਵਿੱਚ ਵੱਡੇ ਜ਼ਖ਼ਮ ਹੋ ਗਏ ਸਨ ਤੇ ਕੀੜੇ ਪੈਣ ਦੀ ਨੌਬਤ ਆ ਚੁੱਕੀ ਸੀ। ਉਨ੍ਹਾਂ ਡਾਕਟਰ ਨੂੰ ਬੁਲਾ ਕੇ ਉਸ ਦੇ ਮੱਲ੍ਹਮ ਪੱਟੀ ਕਰਵਾਈ ਤੇ ਉਸ ਨੂੰ ਚੰਗੀ ਤਰ੍ਹਾਂ ਨੁਹਾਉਣ ਉਪਰੰਤ ਮਾਲਸ਼ ਕਰ ਕੇ ਨਵੇਂ ਮੰਜੇ ’ਤੇ ਲਿਜਾ ਕੇ ਪਾਇਆ। ਮੌਕੇ ਤੇ ਪਹੁੰਚੇ ਚੌਕੀ ਇੰਚਾਰਜ ਨਰੇਸ਼ ਕੁਮਾਰ ਨੇ ਬਜ਼ੁਰਗ ਦੇ ਪੁੱਤਰ ਨੂੰ ਤਾੜਿਆ ਤੇ ਉਸ ਨੂੰ ਉਸ ਦੀ ਸਾਂਭ ਸੰਭਾਲ ਕਰਨ ਲਈ ਕਿਹਾ। ਸਰਪੰਚ ਪਵਨਜੀਤ ਭਾਟੀਆ ਟਿੱਬਾ ਟੱਪਰੀਆਂ ਨੇ ਬਜੁਰਗ ਲਈ ਨਵਾਂ ਮੰਜਾ ਤੇ ਦਵਾਈਆਂ ਦਾ ਪ੍ਰਬੰਧ ਕਰਵਾਇਆ।