ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 4 ਜੂਨ
ਭਾਰਤੀ ਕਮਿਊਨਿਸਟ ਪਾਰਟੀ ਦੇ ਕੌਮੀ ਕੌਂਸਲ ਮੈਂਬਰ ਡਾ. ਜੋਗਿੰਦਰ ਦਿਆਲ ਅਤੇ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਕਾਮਰੇਡ ਗੁਲਜ਼ਾਰ ਸਿੰਘ ਗੋਰੀਆ ਨੇ ਕਿਹਾ ਹੈ ਕਿ ਦੇਸ਼ ਵਿਚ ਅਖੌਤੀ ਖੇਤੀ ਸੁਧਾਰ ਦੇ ਉਦੇਸ਼ ਨਾਲ ਜਿਹੜਾ ਆਰਡੀਨੈਂਸ ਜਾਰੀ ਕੀਤਾ ਗਿਆ ਹੈ, ਉਹ ਇੱਥੋਂ ਦੇ ਵੱਡੇ ਵਪਾਰੀਆਂ, ਕੰਪਨੀਆਂ ਅਤੇ ਕਾਰਪੋਰੇਟ ਘਰਾਣਿਆਂ ਵਾਸਤੇ ਸੱਚਮੁੱਚ ਲਾਹੇਵੰਦ ਹੈ, ਪਰ ਇਹ ਫ਼ੈਸਲਾ ਇੱਥੋਂ ਦੇ ਮਿਹਨਤੀ ਕਿਸਾਨਾਂ ਵਾਸਤੇ ਨੁਕਸਾਨਦੇਹ ਸਾਬਤ ਹੋਵੇਗਾ। ਕਿਸਾਨਾਂ ਵੱਲੋਂ ਆਪਣੀ ਜਿਣਸ ਦੇਸ਼ ਦੇ ਕਿਸੇ ਵੀ ਕੋਨੇ ਵਿਚ ਵੇਚਣ ਜਾਂ ਖਰੀਦਣ ਦੇ ਫ਼ੈਸਲੇ ਨਾਲ ਖੇਤੀ ਖੇਤਰ ਵਿਚ ਨਿੱਜੀ ਖੇਤਰ ਦੇ ਵੱਡੇ ਕਾਰੋਬਾਰੀ ਮਾਲਾਮਾਲ ਹੋਣਗੇ ਤੇ ਦੇਸ਼ ਦੇ 85 ਫ਼ੀਸਦੀ ਤੋਂ ਵੀ ਵੱਧ ਖੇਤੀ ਨਾਲ ਜੁੜੇ ਕਿਸਾਨਾਂ ਦੇ ਹਿੱਤਾਂ ’ਤੇ ਵੱਡੀ ਸੱਟ ਵੱਜੇਗੀ। ਇਸ ਨਾਲ ਪੰਜਾਬ ਤੇ ਹਰਿਆਣਾ ਦੇ ਕਿਸਾਨ ਵਧੇਰੇ ਪ੍ਰਭਾਵਿਤ ਹੋਣਗੇ।