ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 3 ਅਕਤੂਬਰ
ਸਥਾਨਕ ਪੁਲੀਸ ਨੇ ਹਰਿਆਣਾ ਦੇ ਰਹਿਣ ਵਾਲੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਉਸ ਪਾਸੋਂ 2.51 ਲੱਖ ਫਾਰਮਾ ਓਪੀਆਡ ਬਰਾਮਦ ਕਰਕੇ ਨਸ਼ੀਲੀਆਂ ਦਵਾਈਆਂ ਬਣਾਉਣ ਵਾਲੇ ਅੰਤਰਰਾਜੀ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਐਂਟੀ ਗੈਂਗਸਟਰ ਟਾਸਕ ਫੋਰਸ ਕਮ-ਰੋਪੜ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਮੁਲਜਮ ਦੀ ਪਛਾਣ ਰਣਜੀਤ ਗੋਸਵਾਮੀ ਵਾਸੀ ਬੱਤਰਾ ਕਲੋਨੀ ਸੋਨੀਪਤ (ਹਰਿਆਣਾ) ਵਜੋਂ ਹੋਈ ਹੈ। ਪੁਲੀਸ ਨੇ ਉਸ ਦੀ ਕਾਰ ਵਿਚੋਂ ਅਲਪਰਾਜ਼ੋਲਮ ਦੀਆਂ 2,37,000 ਗੋਲੀਆਂ ਅਤੇ ਪੀਵੋਨ ਸਪਾਸ ਦੇ 14,400 ਕੈਪਸੂਲ ਬਰਾਮਦ ਕੀਤੇ ਹਨ। ਸ੍ਰੀ ਭੁੱਲਰ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਸੀਆਈਏ ਸਰਹਿੰਦ ਅਤੇ ਥਾਣਾ ਖਮਾਣੋਂ ਦੀਆਂ ਪੁਲੀਸ ਟੀਮਾਂ ਨੇ ਖਮਾਣੋਂ ਵਿੱਚ ਚੈਕਿੰਗ ਕੀਤੀ। ਇਸ ਦੌਰਾਨ ਰਜਿਸਟ੍ਰੇਸ਼ਨ ਨੰਬਰ ਐਚ.ਆਰ10 ਏਜੇ 9791 ਵਾਲੀ ‘ਕੀਆ’ ਕਾਰ ਨੂੰ ਰੋਕਿਆ, ਜਿਸ ਨੂੰ ਮੁਲਜ਼ਮ ਰਣਜੀਤ ਗੋਸਵਾਮੀ ਚਲਾ ਰਿਹਾ ਸੀ। ਚੈਕਿੰਗ ਦੌਰਾਨ ਵੱਡੀ ਮਾਤਰਾ ਵਿੱਚ ਫਾਰਮਾ ਓਪੀਆਡ ਬਰਾਮਦ ਕੀਤੀ। ਜ਼ਿਲ੍ਹਾ ਪੁਲੀਸ ਮੁਖੀ ਡਾ. ਰਵਜੋਤ ਗਰੇਵਾਲ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿੁ ਮੁਲਜ਼ਮ ਦੇ ਜ਼ਿਆਦਾਤਰ ਗਾਹਕ ਮੋਗਾ ਅਤੇ ਲੁਧਿਆਣਾ ਵਿਚ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦਾ 3 ਦਿਨ ਦਾ ਪੁਲੀਸ ਰਿਮਾਂਡ ਲੈ ਲਿਆ ਹੈ।