ਨਿੱਜੀ ਪੱਤਰ ਪ੍ਰੇਰਕ
ਜਲੰਧਰ, 15 ਜੂਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਮੁਖੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਜਲੰਧਰ ਆਮਦ ਤੋਂ ਪਹਿਲਾਂ ਸ਼ਹਿਰ ਦੀਆਂ ਕੰਧਾਂ ’ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਗਏ, ਜਿਸ ਨਾਲ ਪੁਲੀਸ ਨੂੰ ਹੱਥਾਂ-ਪੈਰਾਂ ਦੀ ਪੈ ਗਈ ਹੈ। ਪੰਜਾਬ ਤੋਂ ਦਿੱਲੀ ਹਵਾਈ ਅੱਡੇ ਲਈ ਚੱਲਣ ਵਾਲੀਆਂ ਵੋਲਵੋ ਬੱਸਾਂ ਨੂੰ ਹਰੀ ਝੰਡੀ ਦੇਣ ਲਈ ਦੋਵੇਂ ਮੁੱਖ ਮੰਤਰੀ ਜਲੰਧਰ ਪਹੁੰਚੇ ਸਨ। ਇਸੇ ਦੌਰਾਨ ਪੰਜਾਬ ਦੇ ਪ੍ਰਸਿੱਧ ਹਿੰਦੂ ਪੀਠ ਸ੍ਰੀ ਦੇਵੀ ਤਲਾਬ ਮੰਦਿਰ ਦੇ ਸਾਹਮਣੇ ਪੈਂਦੇ ਇਲਾਕੇ ਲਕਸ਼ਮੀਪੁਰਾ ਦੀਆਂ ਕੰਧਾਂ ’ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਗਏ। ਐੱਸਐੱਚਓ ਪੁਲੀਸ ਡਿਵੀਜ਼ਨ ਤਿੰਨ ਨੇ ਦੱਸਿਆ ਕਿ ਪੁਲੀਸ ਨੂੰ ਇਸ ਦੀ ਜਾਣਕਾਰੀ ਅੱਜ ਸਵੇਰ ਕਰੀਬ 6 ਵਜੇ ਮਿਲੀ। ਪੁਲੀਸ ਨੇ ਇਨ੍ਹਾਂ ਨਾਅਰਿਆਂ ’ਤੇ ਕਾਲਾ ਰੰਗ ਫੇਰ ਦਿੱਤਾ ਹੈ। ਪੁਲੀਸ ਸ਼ਰਾਰਤੀ ਅਨਸਰਾਂ ਦਾ ਪਤਾ ਲਗਾ ਰਹੀ ਹੈ।