ਸ਼ਗਨ ਕਟਾਰੀਆ
ਬਠਿੰਡਾ, 18 ਜੂਨ
‘ਕੈਪਟਨ-ਬਾਦਲਾਂ ਦੀ ਯਾਰੀ, ਪੈ ਗਈ ਜਨਤਾ ਨੂੰ ਭਾਰੀ’ ਇਹ ਨਾਅਰਾ ਅੱਜ ਆਮ ਆਦਮੀ ਪਾਰਟੀ (ਆਪ) ਦੇ ਮੁਜ਼ਾਹਰੇ ਵਿੱਚ ਗੂੰਜਦਾ ਰਿਹਾ। ਇੱਥੇ ਮਿਨੀ ਸਕੱਤਰੇਤ ਨੇੜੇ ਪ੍ਰਦਰਸ਼ਨਕਾਰੀਆਂ ਨੇ ਉਂਜ ਤਾਂ ਇਨ੍ਹਾਂ ਦੋਹਾਂ ਦੇ ਰਾਜ ਭਾਗ ਦੀ ‘ਸਮਾਨਤਾ’ ਦੇ ਬਖ਼ੀਏ ਉਧੇੜੇ ਪਰ ਮਹਿੰਗੀ ਬਿਜਲੀ ਅਤੇ ਲੌਕਡਾਊਨ ’ਚ ਵਪਾਰੀਆਂ ਨੂੰ ਲੱਗੇ ‘ਰਗੜੇ’ ਦੇ ਮੁੱਦੇ ਖਾਸੇ ਹਾਵੀ ਰਹੇ। ਬੁਲਾਰਿਆਂ ਨੇ ਦੋਸ਼ ਲਾਏ ਕਿ ਬਾਦਲਾਂ ਨੇ ‘ਹਿੱਸੇਦਾਰੀ’ ਰੱਖ ਕੇ ਚਾਰ ਨਿੱਜੀ ਥਰਮਲ ਪੰਜਾਬ ’ਚ ਸਥਾਪਤ ਕਰਵਾਏ ਅਤੇ ਬਿਜਲੀ ਦੀ ਭਾਵੇਂ ਇਕ ਯੂਨਿਟ ਵੀ ਨਾ ਵਰਤੋਂ ਪਰ ਹਰ ਮਹੀਨੇ 22 ਕਰੋੜ ਥਰਮਲ ਮਾਲਕਾਂ ਨੂੰ ਦੇਣ ਵਰਗੇ ਸਮਝੌਤੇ ਬਾਦਲਾਂ ਨੇ ਕੀਤੇ। ਆਪ ਵੱਲੋਂ ਦਾਅਵਾ ਕੀਤਾ ਗਿਆ ਕਿ ਪੂਰੇ ਦੇਸ਼ ਨਾਲੋਂ ਸਸਤੀ ਬਿਜਲੀ ਦਿੱਲੀ ਵਿੱਚ ਕੇਜਰੀਵਾਲ ਸਰਕਾਰ ਦੇ ਰਹੀ ਹੈ। ਬੁਲਾਰਿਆਂ ਨੇ ਬਾਦਲ ਹਕੂਮਤ ਵੇਲੇ ਟਰਾਂਸਪੋਰਟ, ਕੇਬਲ, ਰੇਤਾ, ਸ਼ਰਾਬ, ਭੂਮੀ ਵਰਗੇ ਮਾਫ਼ੀਆ ਖਤਮ ਕਰਨ ਦੇ ਵਾਅਦੇ ਯਾਦ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਇਹ ਬੰਦ ਤਾਂ ਨਹੀਂ ਹੋਏ ਸਗੋਂ ਕਈ ਗੁਣਾ ਲਗਰਾਂ ਵਧ ਜ਼ਰੂਰ ਗਈਆਂ ਹਨ। ਊਨ੍ਹਾਂ ਕਰੋਨਾ ਮਹਾਂਮਾਰੀ ਦੌਰਾਨ ਤਿੰਨ ਮਹੀਨਿਆਂ ਦੇ ਬਿਜਲੀ ਬਿੱਲ ਮੁਆਫ਼ ਕਰਨ ਅਤੇ ਵਪਾਰੀ ਵਰਗ ਲਈ ਰਾਹਤ ਪੈਕੇਜ ਐਲਾਨਣ ਦੀ ਮੰਗ ਕੀਤੀ। ਵਿਖਾਵਾਕਾਰੀਆਂ ਵੱਲੋਂ ਹਕੂਮਤਾਂ ਦੇ ਨਾਂ ਡੀਸੀ ਦਫ਼ਤਰ ’ਚ ਇਕ ਮੰਗ ਪੱਤਰ ਦਿੱਤਾ ਗਿਆ। ਪ੍ਰਦਰਸ਼ਨ ਵਿੱਚ ਵਿਧਾਇਕਾ ਪ੍ਰੋ. ਬਲਜਿੰਦਰ ਕੌਰ, ਮਨਜੀਤ ਸਿੰਘ ਮੌੜ, ਐਡਵੋਕੇਟ ਨਵਦੀਪ ਜੀਦਾ ਆਦਿ ਹਾਜ਼ਰ ਸਨ।