ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ 8 ਸਤੰਬਰ
ਪੰਜਾਬ-ਯੂਟੀ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਦੀ ਮੀਟਿੰਗ ਜੋਗਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ,ਜਿਸ ਵਿੱਚ ਫਰੰਟ ਵੱਲੋਂ 11 ਸਤੰਬਰ ਨੂੰ ਚੰਡੀਗੜ੍ਹ ਵਿੱਚ ਇੱਕ ਲੱਖ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਸੂਬਾ ਪੱਧਰੀ ਰੈਲੀ ਕਰਨ ਦਾ ਫੈਸਲਾ ਕੀਤਾ ਗਿਆ। ਇਸ ਸਬੰਧ ਵਿੱਚ ਅੰਮ੍ਰਿਤਸਰ ਤੋਂ 20 ਬੱਸਾਂ ਰਾਹੀਂ ਵੱਡੀ ਗਿਣਤੀ ਵਿੱਚ ਮੁਲਾਜ਼ਮ ਸ਼ਾਮਲ ਹੋਣ ਲਈ ਜਾਣਗੇ। ਇਸ ਮੌਕੇ ਜ਼ਿਲ੍ਹਾ ਕਨਵੀਨਰ ਗਰਦੀਪ ਸਿੰਘ ਬਾਜਵਾ, ਅਸ਼ਵਨੀ ਅਵਸਥੀ, ਸੁਖਦੇਵ ਸਿੰਘ ਪੰਨੂ ਨੇ ਕਿਹਾ ਕਿ ਮੰਗਾਂ ਨਾ ਮੰਨਣ ਕਾਰਨ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਿੱਚ ਕੈਪਟਨ ਸਰਕਾਰ ਖਿਲਾਫ਼ ਭਾਰੀ ਰੋਹ ਹੈ । ਆਗੂਆਂ ਨੇ 10 ਸਤੰਬਰ ਤੱਕ ਪੰਜਾਬ ਦੇ ਸਮੁੱਚੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਕਾਲੇ ਬਿੱਲੇ ਲਗਾ ਕੇ ਮਨਾਏ ਜਾ ਰਹੇ ਰੋਸ ਹਫ਼ਤੇ ਦਾ ਵੀ ਸਮਰਥਨ ਕੀਤਾ।
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕੌਮ/ਟ੍ਰਾਂਸਕੋ ਕੈਂਟ ਮੰਡਲ ਜਲੰਧਰ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਚਮਨਜੀਤ ਸਿੰਘ ਦੀ ਪ੍ਰਧਾਨਗੀ ਹੇਠ ਜੰਡੂਸਿੰਘਾ ਵਿੱਚ ਹੋਈ। ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਅਤੇ ਜਲੰਧਰ ਸਰਕਲ ਦੇ ਪ੍ਰਧਾਨ ਸਿਰੀ ਰਾਮ ਜੱਗੀ ,ਜਥੇਬੰਦੀ ਦੇ ਪ੍ਰੈਸ ਸਕੱਤਰ ਅਵਤਾਰ ਸਿੰਘ ਨੇ ਦੱਸਿਆ ਕਿ 11 ਸਤੰਬਰ ਨੂੰ ਮੁਹਾਲੀ, ਚੰਡੀਗੜ੍ਹ ਵਿੱਚ ਸੂਬਾ ਪੱਧਰੀ ਰੈਲੀ ਨੂੰ ਕਾਮਯਾਬ ਕਰਨ ਲਈਸਾਥੀ ਸ਼ਮੂਲੀਅਤ ਕਰਨਗੇ। ਇਸੇ ਤਰ੍ਹਾਂ 29 ਸਤੰਬਰ ਨੂੰ ਪਟਿਅਲਾ ਪਾਵਰਕੌਮ ਦੇ ਮੁੱਖ ਦਫਤਰ ਅੱਗੇ ਰੈਲੀ ਕਰਨ ਸਾਥੀ ਪਹੁੰਚਣਗੇ।
ਅਧਿਆਪਕਾਂ ਵਲੋਂ ਰੋਸ ਵਿਖਾਵਾ
ਤਰਨ ਤਾਰਨ (ਪੱਤਰ ਪ੍ਰੇਰਕ): ਸੂਬੇ ਦੇ ਮੁਲਾਜ਼ਮਾਂ ਅਤੇ ਸੇਵਾ ਮੁਕਤ ਕਰਮਚਾਰੀਆਂ ਦੀਆਂ ਮੰਗਾਂ ਪ੍ਰਤੀ ਸੂਬਾ ਸਰਕਾਰ ਵੱਲੋਂ ਧਾਰਨ ਕੀਤੇ ਵਤੀਰੇ ਖਿਲਾਫ਼ 11 ਸਤੰਬਰ ਨੂੰ ਚੰਡੀਗੜ੍ਹ ਵਿੱਚ ਪੰਜਾਬ ਤੇ ਯੂਟੀ ਮੁਲਾਜ਼ਮ ਪੈਨਸ਼ਨਰ ਸਾਂਝਾ ਫਰੰਟ ਦੇ ਸੱਦੇ ’ਤੇ ਕੀਤੀ ਜਾਣ ਵਾਲੀ ਸੂਬਾ ਪੱਧਰੀ ਰੈਲੀ ਦੀ ਲਾਮਬੰਦੀ ਲਈ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੀ ਸਥਾਨਕ ਦੇ ਜ਼ਿਲ੍ਹਾ ਇਕਾਈ ਵਲੋਂ ਅੱਜ ਇਥੇ ਰੋਸ ਵਿਖਾਵਾ ਕੀਤਾ ਗਿਆ| ਇਸ ਮੌਕੇ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਕਾਰਜ ਕੈਰੋਂ ਤੋਂ ਇਲਾਵਾ ਨਰਿੰਦਰ ਨੂਰ, ਅੰਮ੍ਰਿਤਪਾਲ ਬਾਕੀਪੁਰ ਨੇ ਜ਼ਿਲ੍ਹੇ ਦੇ ਸਮੂਹ ਅਧਿਆਪਕਾਂ ਅਤੇ ਹੋਰ ਮੁਲਾਜ਼ਮਾਂ ਸਮੇਤ ਸੇਵਾ ਮੁਕਤ ਕਰਮਚਾਰੀਆਂ ਨੂੰ ਚੰਡੀਗੜ੍ਹ ਦੀ ਰੈਲੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ|